Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅਸਤਰ

ਅਸਤਰ 4

Help us?
Click on verse(s) to share them!
1ਜਦ ਮਾਰਦਕਈ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਿਆ, ਜਿਹੜੀਆਂ ਕੀਤੀਆਂ ਗਈਆਂ ਸਨ ਤਾਂ ਮਾਰਦਕਈ ਨੇ ਦੁਖੀ ਹੋ ਕੇ ਆਪਣੇ ਕੱਪੜੇ ਫਾੜ ਕੇ, ਅਤੇ ਤੱਪੜ ਪਾ ਕੇ ਆਪਣੇ ਸਿਰ ਉੱਤੇ ਸੁਆਹ ਪਾ ਲਈ ਅਤੇ ਸ਼ਹਿਰ ਦੇ ਵਿਚਕਾਰ ਜਾ ਕੇ ਉੱਚੀ-ਉੱਚੀ ਦੁੱਖ ਭਰੇ ਸ਼ਬਦਾਂ ਨਾਲ ਦੁਹਾਈ ਦੇਣ ਲੱਗਾ।
2ਉਹ ਸ਼ਾਹੀ ਫਾਟਕ ਦੇ ਸਾਹਮਣੇ ਤੱਕ ਹੀ ਆਇਆ ਕਿਉਂਕਿ ਤੱਪੜ ਪਾ ਕੇ ਕੋਈ ਵੀ ਸ਼ਾਹੀ ਫਾਟਕ ਦੇ ਅੰਦਰ ਨਹੀਂ ਜਾ ਸਕਦਾ ਸੀ।
3ਹਰ ਸੂਬੇ ਵਿੱਚ ਜਿੱਥੇ ਕਿਤੇ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀ ਵੱਡਾ ਵਿਰਲਾਪ ਕਰਨ, ਵਰਤ ਰੱਖਣ ਅਤੇ ਰੋਣ-ਪਿੱਟਣ ਲੱਗੇ ਅਤੇ ਬਹੁਤ ਹਾਹਾਕਾਰ ਮੱਚ ਗਿਆ ਅਤੇ ਬਹੁਤੇ ਤੱਪੜ ਪਾ ਕੇ ਸੁਆਹ ਵਿੱਚ ਬੈਠ ਗਏ।
4ਰਾਣੀ ਅਸਤਰ ਦੀਆਂ ਸਹੇਲੀਆਂ ਅਤੇ ਉਸ ਦੇ ਖੁਸਰਿਆਂ ਨੇ ਜਾ ਕੇ ਉਸ ਨੂੰ ਮਾਰਦਕਈ ਬਾਰੇ ਦੱਸਿਆ। ਤਦ ਰਾਣੀ ਬਹੁਤ ਦੁਖੀ ਹੋਈ ਅਤੇ ਉਸ ਨੇ ਕੱਪੜੇ ਭੇਜ ਕੇ ਮਾਰਦਕਈ ਨੂੰ ਇਹ ਸੁਨੇਹਾ ਭੇਜਿਆ ਕਿ ਤੱਪੜ ਉਤਾਰ ਕੇ ਇਨ੍ਹਾਂ ਕੱਪੜਿਆਂ ਨੂੰ ਪਹਿਨ ਲਵੇ ਪਰ ਉਸ ਨੇ ਕਬੂਲ ਨਾ ਕੀਤਾ।
5ਤਦ ਅਸਤਰ ਨੇ ਰਾਜਾ ਦੇ ਉਨ੍ਹਾਂ ਖੁਸਰਿਆਂ ਵਿੱਚੋਂ ਜਿਨ੍ਹਾਂ ਨੂੰ ਰਾਜਾ ਨੇ ਉਸ ਦੀ ਟਹਿਲ ਸੇਵਾ ਕਰਨ ਲਈ ਠਹਿਰਾਇਆ ਸੀ, ਹਥਾਕ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿੱਤਾ ਕਿ ਮਾਰਦਕਈ ਦੇ ਕੋਲ ਜਾ ਕੇ ਪਤਾ ਕਰੇ ਕਿ ਇਹ ਕੀ ਗੱਲ ਹੈ ਅਤੇ ਇਸ ਦਾ ਕੀ ਕਾਰਨ ਹੈ?
6ਤਾਂ ਹਥਾਕ ਨਿੱਕਲ ਕੇ ਸ਼ਹਿਰ ਦੇ ਉਸ ਚੌਂਕ ਵਿੱਚ ਜਿਹੜਾ ਸ਼ਾਹੀ ਫਾਟਕ ਦੇ ਅੱਗੇ ਸੀ, ਮਾਰਦਕਈ ਕੋਲ ਗਿਆ।
7ਤਦ ਮਾਰਦਕਈ ਨੇ ਉਹ ਸਭ ਕੁਝ ਜਿਹੜਾ ਉਸ ਦੇ ਨਾਲ ਬੀਤਿਆ ਸੀ ਅਤੇ ਹਾਮਾਨ ਨੇ ਯਹੂਦੀਆਂ ਦਾ ਨਾਸ ਕਰਨ ਦੀ ਆਗਿਆ ਲੈਣ ਲਈ ਸ਼ਾਹੀ ਖਜ਼ਾਨੇ ਵਿੱਚ ਜਿੰਨ੍ਹੀ ਚਾਂਦੀ ਤੋਲ ਕੇ ਦੇਣ ਦਾ ਬਚਨ ਦਿੱਤਾ ਸੀ, ਉਹ ਸਭ ਕੁਝ ਦੱਸ ਦਿੱਤਾ।
8ਫਿਰ ਯਹੂਦੀਆਂ ਨੂੰ ਨਾਸ ਕਰਨ ਦਾ ਜੋ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਸੀ, ਉਸ ਦੀ ਇੱਕ ਨਕਲ ਵੀ ਉਸਨੇ ਹਥਾਕ ਨੂੰ ਦਿੱਤੀ ਕਿ ਉਹ ਅਸਤਰ ਨੂੰ ਵਿਖਾਵੇ ਅਤੇ ਉਸ ਨੂੰ ਸਭ ਕੁਝ ਦੱਸੇ ਅਤੇ ਅਸਤਰ ਲਈ ਇਹ ਹੁਕਮ ਦਿੱਤਾ ਕਿ ਉਹ ਰਾਜਾ ਦੇ ਕੋਲ ਜਾ ਕੇ ਉਸ ਦੇ ਅੱਗੇ ਆਪਣੀ ਜਾਤੀ ਦੇ ਲੋਕਾਂ ਦੇ ਲਈ ਮਿੰਨਤ ਅਤੇ ਬੇਨਤੀ ਕਰੇ।
9ਤਦ ਹਥਾਕ ਨੇ ਆ ਕੇ ਅਸਤਰ ਨੂੰ ਮਾਰਦਕਈ ਦੀਆਂ ਸਾਰੀਆਂ ਗੱਲਾਂ ਦੱਸੀਆਂ।
10ਫਿਰ ਅਸਤਰ ਨੇ ਹਥਾਕ ਦੁਆਰਾ ਮਾਰਦਕਈ ਲਈ ਇਹ ਸੁਨੇਹਾ ਭੇਜਿਆ,
11“ਰਾਜਾ ਦੇ ਸਾਰੇ ਕਰਮਚਾਰੀ, ਸਗੋਂ ਰਾਜ ਦੇ ਸਾਰੇ ਸੂਬਿਆਂ ਦੇ ਲੋਕ ਜਾਣਦੇ ਹਨ ਕਿ ਭਾਵੇਂ ਪੁਰਸ਼ ਹੋਵੇ, ਭਾਵੇਂ ਇਸਤਰੀ, ਜੋ ਬਿਨ੍ਹਾਂ ਸੱਦੇ ਰਾਜਾ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਜਾਵੇ, ਉਸ ਦੇ ਲਈ ਇੱਕੋ ਹੀ ਹੁਕਮ ਹੈ ਕਿ ਉਹ ਜਾਨ ਤੋਂ ਮਾਰਿਆ ਜਾਵੇ, ਸਿਰਫ਼ ਉਹ ਹੀ ਜੀਉਂਦਾ ਬਚਦਾ ਹੈ ਜਿਸ ਦੇ ਲਈ ਰਾਜਾ ਆਪਣਾ ਸੋਨੇ ਦਾ ਆੱਸਾ ਵਧਾਵੇ। ਪਰ ਮੈਂ ਤੀਹ ਦਿਨਾਂ ਤੋਂ ਰਾਜਾ ਦੇ ਕੋਲ ਅੰਦਰ ਨਹੀਂ ਬੁਲਾਈ ਗਈ।”
12ਅਸਤਰ ਦੀਆਂ ਇਹ ਗੱਲਾਂ ਮਾਰਦਕਈ ਨੂੰ ਦੱਸੀਆਂ ਗਈਆਂ।
13ਤਦ ਮਾਰਦਕਈ ਨੇ ਅਸਤਰ ਨੂੰ ਇਹ ਉੱਤਰ ਭੇਜਿਆ, “ਤੂੰ ਆਪਣੇ ਮਨ ਵਿੱਚ ਇਹ ਵਿਚਾਰ ਨਾ ਕਰ ਕਿ ਰਾਜ ਮਹਿਲ ਵਿੱਚ ਰਹਿਣ ਦੇ ਕਾਰਨ ਤੂੰ ਹੋਰ ਸਾਰੇ ਯਹੂਦੀਆਂ ਵਿੱਚੋਂ ਬਚ ਜਾਵੇਂਗੀ।
14ਕਿਉਂਕਿ ਜੇ ਤੂੰ ਇਸ ਸਮੇਂ ਚੁੱਪ ਰਹੀ ਤਾਂ ਕਿਸੇ ਨਾ ਕਿਸੇ ਤਰ੍ਹਾਂ ਯਹੂਦੀਆਂ ਦੀ ਰਿਹਾਈ ਅਤੇ ਛੁਟਕਾਰਾ ਹੋ ਜਾਵੇਗਾ, ਪਰ ਤੂੰ ਆਪਣੇ ਪਿਤਾ ਦੇ ਘਰਾਣੇ ਸਮੇਤ ਨਾਸ ਹੋ ਜਾਵੇਂਗੀ। ਕੀ ਪਤਾ ਕਿ ਤੂੰ ਅਜਿਹੇ ਔਖੇ ਸਮੇਂ ਲਈ ਹੀ ਮਹਿਲ ਵਿੱਚ ਪਹੁੰਚੀ ਹੈਂ?”
15ਤਦ ਅਸਤਰ ਨੇ ਮਾਰਦਕਈ ਨੂੰ ਇਹ ਉੱਤਰ ਭੇਜਿਆ,
16“ਤੂੰ ਜਾ ਕੇ ਸ਼ੂਸ਼ਨ ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਤੁਸੀਂ ਸਾਰੇ ਮਿਲ ਕੇ ਮੇਰੇ ਲਈ ਵਰਤ ਰੱਖੋ, ਤਿੰਨ ਦਿਨ, ਤਿੰਨ ਰਾਤ ਤੱਕ ਨਾ ਕੁਝ ਖਾਣਾ ਅਤੇ ਨਾ ਪੀਣਾ। ਮੈਂ ਵੀ ਆਪਣੀਆਂ ਸਹੇਲੀਆਂ ਸਮੇਤ ਇਸੇ ਤਰ੍ਹਾਂ ਹੀ ਵਰਤ ਰੱਖਾਂਗੀ ਅਤੇ ਇਸੇ ਤਰ੍ਹਾਂ ਹੀ ਮੈਂ ਨਿਯਮ ਦੇ ਵਿਰੁੱਧ ਰਾਜਾ ਦੇ ਕੋਲ ਅੰਦਰ ਜਾਂਵਾਂਗੀ। ਅਤੇ ਜੇਕਰ ਮੈਂ ਨਾਸ ਹੋ ਗਈ ਤਾਂ ਹੋ ਗਈ।”
17ਤਾਂ ਮਾਰਦਕਈ ਚਲਾ ਗਿਆ ਅਤੇ ਅਸਤਰ ਦੇ ਹੁਕਮ ਅਨੁਸਾਰ ਸਭ ਕੁਝ ਕੀਤਾ।