Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅਸਤਰ

ਅਸਤਰ 1

Help us?
Click on verse(s) to share them!
1ਅਹਸ਼ਵੇਰੋਸ਼ ਰਾਜਾ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ (ਇਹ ਉਹ ਅਹਸ਼ਵੇਰੋਸ਼ ਹੈ, ਜਿਹੜਾ ਭਾਰਤ ਤੋਂ ਕੂਸ਼ ਦੇਸ਼ ਤੱਕ ਇੱਕ ਸੌ ਸਤਾਈ ਸੂਬਿਆਂ ਉੱਤੇ ਰਾਜ ਕਰਦਾ ਸੀ)
2ਕਿ ਉਨ੍ਹਾਂ ਦਿਨਾਂ ਵਿੱਚ ਜਦੋਂ ਅਹਸ਼ਵੇਰੋਸ਼ ਰਾਜਾ ਆਪਣੀ ਰਾਜ ਗੱਦੀ ਉੱਤੇ ਜਿਹੜੀ ਸ਼ੂਸ਼ਨ ਦੇ ਮਹਿਲ ਵਿੱਚ ਸੀ, ਬਿਰਾਜਮਾਨ ਸੀ,
3ਤਦ ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿੱਚ ਆਪਣਿਆਂ ਸਾਰਿਆਂ ਹਾਕਮਾਂ ਅਤੇ ਅਧਿਕਾਰੀਆਂ ਦੀ ਦਾਵਤ ਕੀਤੀ। ਫ਼ਾਰਸ ਅਤੇ ਮਾਦਾ ਦੇ ਸੈਨਾਪਤੀ ਅਤੇ ਸੂਬਿਆਂ ਦੇ ਪ੍ਰਧਾਨ ਅਤੇ ਹਾਕਮ ਵੀ ਉੱਥੇ ਹਾਜ਼ਰ ਸਨ।
4ਉਹ ਉਨ੍ਹਾਂ ਨੂੰ ਬਹੁਤ ਦਿਨਾਂ ਅਰਥਾਤ ਇੱਕ ਸੌ ਅੱਸੀ ਦਿਨਾਂ ਤੱਕ ਆਪਣੇ ਪਰਤਾਪੀ ਰਾਜ ਦਾ ਧਨ ਅਤੇ ਬਹੁਮੁੱਲੇ ਪਦਾਰਥ ਆਪਣੀ ਮਹਾਨਤਾ ਦਰਸਾਉਣ ਲਈ ਵਿਖਾਉਂਦਾ ਰਿਹਾ।
5ਜਦ ਇਹ ਦਿਨ ਬੀਤ ਗਏ, ਤਾਂ ਰਾਜੇ ਨੇ ਭਾਵੇਂ ਵੱਡਾ ਭਾਵੇਂ ਛੋਟਾ ਅਰਥਾਤ ਉਨ੍ਹਾਂ ਸਾਰਿਆਂ ਲੋਕਾਂ ਦੀ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੇ ਹੋਏ ਸਨ, ਸੱਤ ਦਿਨ ਤੱਕ ਸ਼ਾਹੀ ਬਾਗ਼ ਦੇ ਵਿਹੜੇ ਵਿੱਚ ਦਾਵਤ ਕੀਤੀ।
6ਉੱਥੇ ਸਫ਼ੇਦ ਅਤੇ ਨੀਲੇ ਰੰਗ ਦੇ ਮਹੀਨ ਪਰਦੇ ਸਨ, ਜੋ ਮਹੀਨ ਸਫ਼ੇਦ ਅਤੇ ਬੈਂਗਣੀ ਰੰਗ ਦੀਆਂ ਡੋਰੀਆਂ ਨਾਲ ਚਾਂਦੀ ਦੇ ਛੱਲਿਆਂ ਵਿੱਚ, ਸੰਗਮਰਮਰ ਦੇ ਥੰਮ੍ਹਾਂ ਨਾਲ ਬੰਨ੍ਹੇ ਹੋਏ ਸਨ, ਅਤੇ ਉੱਥੇ ਦੀਆਂ ਚੌਂਕੀਆਂ ਸੋਨੇ ਅਤੇ ਚਾਂਦੀ ਦੀਆਂ ਸਨ ਅਤੇ ਲਾਲ ਤੇ ਚਿੱਟੇ ਤੇ ਪੀਲੇ ਤੇ ਕਾਲੇ ਸੰਗਮਰਮਰ ਨਾਲ ਬਣੇ ਹੋਏ ਫ਼ਰਸ਼ ਉੱਤੇ ਰੱਖੀਆਂ ਹੋਈਆਂ ਸਨ।
7ਉਸ ਦਾਵਤ ਵਿੱਚ ਸ਼ਾਹੀ ਮਧ ਭਿੰਨ-ਭਿੰਨ ਪ੍ਰਕਾਰ ਦੇ ਭਾਂਡਿਆਂ ਵਿੱਚ ਰਾਜਾ ਦੀ ਰੀਤ ਅਨੁਸਾਰ ਵੱਡੀ ਮਾਤਰਾ ਵਿੱਚ ਪੀਣ ਨੂੰ ਦਿੱਤੀ ਗਈ।
8ਦਾਖ਼ਰਸ ਦਾ ਪੀਣਾ ਰੀਤ ਦੇ ਅਨੁਸਾਰ ਹੁੰਦਾ ਸੀ, ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪਿਲਾ ਸਕਦਾ ਸੀ, ਕਿਉਂਕਿ ਰਾਜਾ ਨੇ ਆਪਣੇ ਮਹਿਲ ਦੇ ਸਾਰੇ ਭੰਡਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਹਰੇਕ ਮਹਿਮਾਨ ਨਾਲ ਉਸ ਦੀ ਮਰਜ਼ੀ ਦੇ ਅਨੁਸਾਰ ਹੀ ਵਰਤਾਉ ਕੀਤਾ ਜਾਵੇ।
9ਰਾਣੀ ਵਸ਼ਤੀ ਨੇ ਵੀ ਰਾਜਾ ਅਹਸ਼ਵੇਰੋਸ਼ ਦੇ ਸ਼ਾਹੀ ਮਹਿਲ ਵਿੱਚ ਇਸਤਰੀਆਂ ਲਈ ਦਾਵਤ ਕੀਤੀ।
10ਸੱਤਵੇਂ ਦਿਨ, ਜਦੋਂ ਰਾਜਾ ਦਾ ਦਿਲ ਮਧ ਨਾਲ ਮਗਨ ਸੀ, ਤਦ ਉਸ ਨੇ ਮਹੂਮਾਨ, ਬਿਜ਼ਥਾ, ਹਰਬੋਨਾ, ਬਿਗਥਾ, ਅਬਗਥਾ, ਜ਼ੇਥਰ ਅਤੇ ਕਰਕਸ ਨਾਮਕ ਸੱਤਾਂ ਖੁਸਰਿਆਂ ਨੂੰ ਜਿਹੜੇ ਅਹਸ਼ਵੇਰੋਸ਼ ਰਾਜਾ ਦੇ ਸਨਮੁਖ ਸੇਵਾ ਕਰਦੇ ਸਨ, ਹੁਕਮ ਦਿੱਤਾ
11ਕਿ ਰਾਣੀ ਵਸ਼ਤੀ ਨੂੰ ਸ਼ਾਹੀ ਮੁਕਟ ਪਹਿਨਾ ਕੇ ਰਾਜਾ ਦੇ ਸਨਮੁਖ ਲਿਆਉਣ, ਤਾਂ ਜੋ ਦੇਸ਼-ਦੇਸ਼ ਦੇ ਲੋਕਾਂ ਨੂੰ ਅਤੇ ਹਾਕਮਾਂ ਨੂੰ ਉਸ ਦੀ ਸੁੰਦਰਤਾ ਵਿਖਾਏ ਕਿਉਂ ਜੋ ਉਹ ਵੇਖਣ ਵਿੱਚ ਸੋਹਣੀ ਸੀ।
12ਪਰ ਰਾਣੀ ਵਸ਼ਤੀ ਨੇ ਰਾਜਾ ਦੇ ਹੁਕਮ ਅਨੁਸਾਰ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਸੀ, ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਰਾਜਾ ਬਹੁਤ ਗੁੱਸੇ ਹੋਇਆ ਅਤੇ ਗੁੱਸੇ ਨਾਲ ਭੜਕ ਉੱਠਿਆ।
13ਤਦ ਰਾਜਾ ਨੇ ਸਾਰੇ ਕਨੂੰਨਾਂ ਅਤੇ ਨਿਯਮਾਂ ਨੂੰ ਜਾਣਨ ਵਾਲੇ ਬੁੱਧਵਾਨਾਂ ਨੂੰ ਪੁੱਛਿਆ ਕਿਉਂਕਿ ਉਹ ਸਾਰੇ ਕਨੂੰਨ ਬਣਾਉਣ ਅਤੇ ਨਿਆਂ ਕਰਨ ਲਈ ਇਸੇ ਤਰ੍ਹਾਂ ਹੀ ਕਰਦਾ ਸੀ।
14ਰਾਜਾ ਦੇ ਨਜ਼ਦੀਕ ਰਹਿਣ ਵਾਲੇ ਫ਼ਾਰਸ ਅਤੇ ਮਾਦਾ ਦੇ ਸੱਤ ਹਾਕਮ ਸਨ, ਅਰਥਾਤ ਕਰਸ਼ਨਾ, ਸ਼ੇਥਾਰ, ਅਧਮਾਥਾ, ਤਰਸ਼ੀਸ਼, ਮਰਸ, ਮਰਸਨਾ, ਅਤੇ ਮਮੂਕਾਨ, ਇਹਨਾਂ ਨੂੰ ਰਾਜਾ ਕੋਲ ਜਾਣ ਦਾ ਖ਼ਾਸ ਅਧਿਕਾਰ ਪ੍ਰਾਪਤ ਸੀ ਅਤੇ ਇਹ ਰਾਜ ਵਿੱਚ ਉੱਚੀਆਂ-ਉੱਚੀਆਂ ਪਦਵੀਆਂ ਉੱਤੇ ਨਿਯੁਕਤ ਸਨ।
15ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਅਸੀਂ ਰਾਣੀ ਵਸ਼ਤੀ ਨਾਲ ਕਨੂੰਨ ਦੇ ਅਨੁਸਾਰ ਕੀ ਕਰੀਏ? ਕਿਉਂ ਜੋ ਉਸ ਨੇ ਰਾਜਾ ਅਹਸ਼ਵੇਰੋਸ਼ ਦਾ ਹੁਕਮ ਜਿਹੜਾ ਖੁਸਰਿਆਂ ਦੇ ਰਾਹੀਂ ਦਿੱਤਾ ਗਿਆ ਸੀ, ਨਹੀਂ ਮੰਨਿਆ?”
16ਤਦ ਮਮੂਕਾਨ ਨੇ ਰਾਜਾ ਅਤੇ ਹਾਕਮਾਂ ਦੇ ਸਨਮੁਖ ਉੱਤਰ ਦਿੱਤਾ, “ਰਾਣੀ ਵਸ਼ਤੀ ਨੇ ਸਿਰਫ਼ ਰਾਜਾ ਦਾ ਹੀ ਨਹੀਂ ਪਰ ਸਾਰੇ ਹਾਕਮਾਂ ਅਤੇ ਸਾਰੀ ਪਰਜਾ ਦਾ ਜਿਹੜੀ ਅਹਸ਼ਵੇਰੋਸ਼ ਰਾਜਾ ਦੇ ਸਾਰੇ ਸੂਬਿਆਂ ਵਿੱਚ ਹੈ, ਅਪਮਾਨ ਕੀਤਾ ਹੈ
17ਕਿਉਂਕਿ ਰਾਣੀ ਦੀ ਇਸ ਹਰਕਤ ਦੀ ਚਰਚਾ ਸਾਰੀਆਂ ਇਸਤਰੀਆਂ ਵਿੱਚ ਹੋਵੇਗੀ ਅਤੇ ਜਦ ਉਹ ਸੁਣਨਗੀਆਂ ਕਿ ਰਾਜਾ ਅਹਸ਼ਵੇਰੋਸ਼ ਨੇ ਰਾਣੀ ਵਸ਼ਤੀ ਨੂੰ ਆਪਣੇ ਸਨਮੁਖ ਲਿਆਉਣ ਦਾ ਹੁਕਮ ਦਿੱਤਾ ਪਰ ਉਹ ਨਾ ਆਈ, ਤਾਂ ਉਨ੍ਹਾਂ ਦੀ ਨਿਗਾਹ ਵਿੱਚ ਉਨ੍ਹਾਂ ਦੇ ਪਤੀ ਤੁੱਛ ਜਾਣੇ ਜਾਣਗੇ।
18ਅੱਜ ਦੇ ਦਿਨ ਫ਼ਾਰਸ ਅਤੇ ਮਾਦਾ ਦੇ ਹਾਕਮਾਂ ਦੀਆਂ ਪਤਨੀਆਂ ਜਿਨ੍ਹਾਂ ਨੇ ਰਾਣੀ ਦੀ ਇਹ ਗੱਲ ਸੁਣੀ ਹੈ, ਉਹ ਵੀ ਰਾਜਾ ਅਤੇ ਹਾਕਮਾਂ ਨੂੰ ਅਜਿਹਾ ਹੀ ਆਖਣਗੀਆਂ, ਇਸ ਤਰ੍ਹਾਂ ਨਿਰਾਦਰ ਅਤੇ ਕ੍ਰੋਧ ਦਾ ਕੋਈ ਅੰਤ ਨਾ ਹੋਵੇਗਾ।

19ਜੇਕਰ ਰਾਜਾ ਨੂੰ ਇਹ ਗੱਲ ਚੰਗੀ ਲੱਗੇ ਤਾਂ ਉਸ ਦੀ ਵੱਲੋਂ ਇੱਕ ਸ਼ਾਹੀ ਹੁਕਮ ਜਾਰੀ ਕੀਤਾ ਜਾਵੇ, ਅਤੇ ਉਹ ਫ਼ਾਰਸੀਆਂ ਅਤੇ ਮਾਦੀਆਂ ਦੇ ਕਨੂੰਨਾਂ ਵਿੱਚ ਲਿਖਿਆ ਵੀ ਜਾਵੇ ਤਾਂ ਜੋ ਉਸ ਨੂੰ ਬਦਲਿਆ ਨਾ ਜਾ ਸਕੇ ਕਿ ਹੁਣ ਤੋਂ ਰਾਣੀ ਵਸ਼ਤੀ ਰਾਜਾ ਅਹਸ਼ਵੇਰੋਸ਼ ਦੇ ਸਨਮੁਖ ਕਦੀ ਨਾ ਆਵੇ, ਅਤੇ ਰਾਜਾ ਉਸ ਦੀ ਸ਼ਾਹੀ ਪਦਵੀ ਕਿਸੇ ਹੋਰ ਨੂੰ ਦੇ ਦੇਵੇ ਜਿਹੜੀ ਉਸ ਤੋਂ ਚੰਗੀ ਹੋਵੇ।
20ਜਦ ਰਾਜਾ ਦਾ ਇਹ ਹੁਕਮ ਉਸ ਦੇ ਸਾਰੇ ਰਾਜ ਵਿੱਚ ਜੋ ਕਿ ਬਹੁਤ ਵੱਡਾ ਹੈ, ਜਾਰੀ ਕੀਤਾ ਜਾਵੇਗਾ ਤਦ ਸਾਰੀਆਂ ਇਸਤਰੀਆਂ ਸੁਣਨਗੀਆਂ ਅਤੇ ਆਪਣੇ-ਆਪਣੇ ਪਤੀਆਂ ਦਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ, ਆਦਰ ਕਰਨਗੀਆਂ।”
21ਇਹ ਗੱਲ ਰਾਜਾ ਨੂੰ ਅਤੇ ਹਾਕਮਾਂ ਨੂੰ ਚੰਗੀ ਲੱਗੀ ਅਤੇ ਰਾਜਾ ਨੇ ਮਮੂਕਾਨ ਦੇ ਆਖੇ ਅਨੁਸਾਰ ਕੀਤਾ।
22ਤਾਂ ਉਸ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਹਰ ਸੂਬੇ ਦੀ ਭਾਸ਼ਾ ਅਨੁਸਾਰ ਹੁਕਮਨਾਮੇ ਭੇਜੇ ਤਾਂ ਜੋ ਹਰ ਪੁਰਖ ਆਪਣੇ-ਆਪਣੇ ਘਰ ਉੱਤੇ ਅਧਿਕਾਰ ਰੱਖੇ ਅਤੇ ਆਪਣੀ ਜਾਤੀ ਦੀ ਭਾਸ਼ਾ ਵਿੱਚ ਇਸ ਗੱਲ ਦਾ ਪ੍ਰਚਾਰ ਕਰੇ।