5ਜੋ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।
6ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਤਾਂ ਮੌਤ ਹੈ ਪਰ ਆਤਮਾ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ।
7ਕਿਉਂ ਜੋ ਸਰੀਰ ਉੱਤੇ ਮਨ ਲਾਉਣਾ ਪਰਮੇਸ਼ੁਰ ਨਾਲ ਵੈਰ ਹੈ, ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ, ਅਤੇ ਨਾ ਹੀ ਹੋ ਸਕਦਾ ਹੈ।
8ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਨੂੰ ਖੁਸ਼ ਨਹੀਂ ਕਰ ਸਕਦੇ ਹਨ।
9ਪਰ ਤੁਸੀਂ ਸਰੀਰਕ ਨਹੀਂ, ਸਗੋਂ ਆਤਮਿਕ ਹੋ ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ, ਪ੍ਰੰਤੂ ਜਿਹ ਦੇ ਵਿੱਚ ਮਸੀਹ ਦਾ ਆਤਮਾ ਨਹੀਂ, ਸੋ ਉਸਦਾ ਨਹੀਂ ਹੈ।
10ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਸਰੀਰ ਪਾਪ ਦੇ ਕਾਰਨ ਮਰ ਗਿਆ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ।
11ਅਤੇ ਜੇ ਉਹ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਤੁਹਾਡੇ ਵਿੱਚ ਵੱਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜੋ ਤੁਹਾਡੇ ਵਿੱਚ ਵੱਸਦਾ ਹੈ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।
12ਸੋ ਹੇ ਭਰਾਵੋ, ਅਸੀਂ ਕਰਜ਼ਦਾਰ ਹਾਂ, ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ।
13ਜੇ ਸਰੀਰ ਦੇ ਅਨੁਸਾਰ ਉਮਰ ਕੱਟੋਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੇ ਆਤਮਾ ਨਾਲ ਸਰੀਰ ਦੇ ਕੰਮਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ।
14ਜਿੰਨੇ ਪਰਮੇਸ਼ੁਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹੀ ਪਰਮੇਸ਼ੁਰ ਦੇ ਪੁੱਤਰ ਹਨ।
15ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋਂ ਲੇਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ ਜਿਸ ਕਰਕੇ ਅਸੀਂ ਅੱਬਾ, ਹੇ ਪਿਤਾ, ਕਹਿ ਕੇ ਪੁਕਾਰਦੇ ਹਾਂ।
16ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ, ਕਿ ਅਸੀਂ ਪਰਮੇਸ਼ੁਰ ਦੀ ਸੰਤਾਨ ਹਾਂ।
17ਅਤੇ ਜੇ ਸੰਤਾਨ ਹਾਂ ਤਾਂ ਵਾਰਿਸ ਵੀ ਹਾਂ, ਪਰਮੇਸ਼ੁਰ ਦੇ ਵਾਰਿਸ ਅਤੇ ਮਸੀਹ ਦੇ ਨਾਲ ਸਾਂਝੇ ਵਾਰਿਸ ਪਰ ਤਾਂ ਜੇ ਅਸੀਂ ਉਹ ਦੇ ਨਾਲ ਦੁੱਖ ਝੱਲੀਏ, ਕਿ ਅਸੀਂ ਉਹ ਦੇ ਨਾਲ ਵਡਿਆਏ ਜਾਈਏ।
18ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪਰਕਾਸ਼ ਹੋਣ ਵਾਲੀ ਹੈ, ਕੁਝ ਵੀ ਨਹੀਂ।
19ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ।
20ਕਿਉਂ ਜੋ ਸ੍ਰਿਸ਼ਟੀ ਆਪਣੀ ਇੱਛਾ ਨਾਲ ਨਹੀਂ, ਸਗੋਂ ਅਧੀਨ ਕਰਨ ਵਾਲੇ ਦੇ ਕਾਰਨ ਵਿਅਰਥ ਦੇ ਅਧੀਨ ਹੋਈ, ਪਰ ਆਸ ਨਾਲ।
21ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੀ ਸੰਤਾਨ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰੇ।
22ਅਸੀਂ ਜਾਣਦੇ ਤਾਂ ਹਾਂ ਕਿ ਸਾਰੀ ਸ੍ਰਿਸ਼ਟੀ ਮਿਲ ਕੇ ਹੁਣ ਤੱਕ ਹਾਉਂਕੇ ਭਰਦੀ ਹੈ ਅਤੇ ਉਹ ਨੂੰ ਪੀੜ੍ਹਾਂ ਲੱਗੀਆਂ ਹੋਈਆਂ ਹਨ।
23ਅਤੇ ਕੇਵਲ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿਨ੍ਹਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹਾਉਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਵਿੱਚ ਬੈਠੇ ਹਾਂ।
24ਆਸ ਨਾਲ ਅਸੀਂ ਬਚਾਏ ਗਏ ਹਾਂ, ਪਰ ਆਸ ਜੋ ਵੇਖੀ ਗਈ ਤਾਂ ਉਹ ਆਸ ਨਾ ਰਹੀ ਕਿਉਂਕਿ ਜਿਹੜੀ ਵਸਤੁ ਕੋਈ ਵੇਖਦਾ ਹੈ ਉਹ ਦੀ ਉਮੀਦ ਕਿਉਂ ਕਰੇ?