1ਹੇ ਭਰਾਵੋ, ਮੇਰੇ ਮਨ ਦੀ ਇੱਛਾ ਅਤੇ ਮੇਰੀ ਬੇਨਤੀ ਪਰਮੇਸ਼ੁਰ ਦੇ ਅੱਗੇ ਉਹਨਾਂ ਦੀ ਮੁਕਤੀ ਲਈ ਹੈ।
2ਮੈਂ ਉਹਨਾਂ ਦੀ ਗਵਾਹੀ ਵੀ ਭਰਦਾ ਹਾਂ ਕਿ ਉਹਨਾਂ ਨੂੰ ਪਰਮੇਸ਼ੁਰ ਲਈ ਅਣਖ ਤਾਂ ਹੈ, ਪਰ ਸਮਝ ਨਾਲ ਨਹੀਂ।
3ਕਿਉਂ ਜੋ ਪਰਮੇਸ਼ੁਰ ਦੀ ਧਾਰਮਿਕਤਾ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਾਰਮਿਕਤਾ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰਕੇ ਉਹ ਪਰਮੇਸ਼ੁਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ।
4ਕਿਉਂ ਜੋ ਧਾਰਮਿਕਤਾ ਲਈ ਮਸੀਹ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਬਿਵਸਥਾ ਦਾ ਅੰਤ ਹੈ।
5ਮੂਸਾ ਲਿਖਦਾ ਹੈ, ਕਿ ਜਿਹੜਾ ਮਨੁੱਖ ਉਸ ਬਿਵਸਥਾ ਅਨੁਸਾਰ ਧਾਰਮਿਕਤਾ ਨੂੰ ਪੂਰਾ ਕਰਦਾ ਹੈ, ਉਹ ਉਸੇ ਧਾਰਮਿਕਤਾ ਨਾਲ ਜੀਉਂਦਾ ਰਹੇਗਾ।
6ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ ਇਸ ਤਰ੍ਹਾਂ ਕਹਿੰਦਾ ਹੈ, ਜੋ ਆਪਣੇ ਮਨ ਵਿੱਚ ਇਹ ਨਾ ਆਖ ਕਿ ਅਕਾਸ਼ ਉੱਤੇ ਕੌਣ ਚੜ੍ਹੇਗਾ ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ?
7ਜਾਂ ਪਤਾਲ ਵਿੱਚ ਕੌਣ ਉਤਰੇਗਾ ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉੱਠਾ ਲਿਆਉਣ ਲਈ?
8ਪਰ ਕੀ ਆਖਦਾ ਹੈ? ਬਚਨ ਤੇਰੇ ਕੋਲ ਅਤੇ ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ, ਇਹ ਤਾਂ ਉਸ ਵਿਸ਼ਵਾਸ ਦਾ ਬਚਨ ਹੈ, ਜਿਹ ਦਾ ਅਸੀਂ ਪਰਚਾਰ ਕਰਦੇ ਹਾਂ।
9ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰੇਂ ਅਤੇ ਆਪਣੇ ਦਿਲ ਨਾਲ ਮੰਨ ਲਵੇਂ ਜੋ ਪਰਮੇਸ਼ੁਰ ਨੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ, ਤਾਂ ਤੂੰ ਜ਼ਰੂਰ ਬਚਾਇਆ ਜਾਵੇਂਗਾ।
10ਧਾਰਮਿਕਤਾ ਦੇ ਲਈ ਤਾਂ ਦਿਲ ਨਾਲ ਵਿਸ਼ਵਾਸ ਕੀਤਾ ਜਾਂਦਾ ਅਤੇ ਮੁਕਤੀ ਲਈ ਮੂੰਹ ਨਾਲ ਇਕਰਾਰ ਕੀਤਾ ਜਾਂਦਾ ਹੈ।
11ਪਵਿੱਤਰ ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, ਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ, ਉਹ ਸ਼ਰਮਿੰਦਾ ਨਾ ਹੋਵੇਗਾ।
12ਯਹੂਦੀ ਅਤੇ ਯੂਨਾਨੀ ਵਿੱਚ ਤਾਂ ਕੁਝ ਫ਼ਰਕ ਨਹੀਂ ਹੈ, ਇਸ ਲਈ ਜੋ ਉਹੀ ਪ੍ਰਭੂ ਸਭ ਦਾ ਪ੍ਰਭੂ ਹੈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਹਦਾ ਨਾਮ ਲੈਂਦੇ ਹਨ ਵੱਡਾ ਦਾਤਾ ਹੈ।
13ਕਿਉਂ ਜੋ ਹਰੇਕ ਜੋ ਪ੍ਰਭੂ ਦਾ ਨਾਮ ਲੈ ਕੇ ਪੁਕਾਰੇਗਾ, ਉਹ ਬਚਾਇਆ ਜਾਵੇਗਾ।
14ਪਰ ਜਿਸ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਉਹ ਉਸਦਾ ਨਾਮ ਕਿਵੇਂ ਲੈਣ? ਅਤੇ ਜਿਸ ਦੀ ਖ਼ਬਰ ਸੁਣੀ ਹੀ ਨਹੀਂ, ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਪ੍ਰਚਾਰਕ ਤੋਂ ਬਿਨ੍ਹਾਂ ਕਿਵੇਂ ਸੁਣਨ?
15ਅਤੇ ਜੇ ਭੇਜੇ ਨਾ ਜਾਣ ਤਾਂ ਕਿਵੇਂ ਪਰਚਾਰ ਕਰਨ? ਜਿਵੇਂ ਲਿਖਿਆ ਹੋਇਆ ਹੈ, ਕਿ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖਬਰੀ ਸੁਣਾਉਂਦੇ ਹਨ, ਉਹਨਾਂ ਦੇ ਪੈਰ ਕਿੰਨੇ ਸੋਹਣੇ ਹਨ!
16ਪਰ ਸਭ ਨੇ ਇਸ ਖੁਸ਼ਖਬਰੀ ਨੂੰ ਨਹੀਂ ਮੰਨਿਆ ਕਿਉਂ ਜੋ ਯਸਾਯਾਹ ਕਹਿੰਦਾ ਹੈ, ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?
17ਸੋ ਵਿਸ਼ਵਾਸ ਸੁਣਨ ਨਾਲ, ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ।
18ਪਰ ਮੈਂ ਆਖਦਾ ਹਾਂ, ਭਲਾ, ਉਨ੍ਹਾਂ ਨੇ ਨਹੀਂ ਸੀ ਸੁਣਿਆ? ਬੇਸ਼ਕ! ਉਨ੍ਹਾਂ ਦੀ ਅਵਾਜ਼ ਸਾਰੀ ਧਰਤੀ ਵਿੱਚ ਗਈ, ਅਤੇ ਸੰਸਾਰ ਦੀਆਂ ਹੱਦਾਂ ਤੱਕ ਉਨ੍ਹਾਂ ਦੇ ਬੋਲ।
19ਪਰ ਮੈਂ ਕਹਿੰਦਾ ਹਾਂ, ਕੀ ਇਸਰਾਏਲ ਨਹੀਂ ਸੀ ਜਾਣਦਾ? ਪਹਿਲਾਂ ਤਾਂ ਮੂਸਾ ਕਹਿੰਦਾ ਹੈ, ਮੈਂ ਉਹਨਾਂ ਤੋਂ ਜੋ ਕੌਮ ਨਹੀਂ ਹੈ, ਤੁਹਾਨੂੰ ਈਰਖਾ ਕਰਾਵਾਂਗਾ, ਮੈਂ ਇੱਕ ਮੂਰਖ ਕੌਮ ਦੇ ਦੁਆਰਾ ਤੁਹਾਨੂੰ ਗੁੱਸਾ ਦੁਆਵਾਂਗਾ।
20ਫੇਰ ਯਸਾਯਾਹ ਵੱਡੀ ਦਲੇਰੀ ਨਾਲ ਕਹਿੰਦਾ ਹੈ, ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ, ਉਹਨਾਂ ਨੇ ਮੈਨੂੰ ਪਾ ਲਿਆ, ਅਤੇ ਜਿਨ੍ਹਾਂ ਨੇ ਮੈਨੂੰ ਨਾ ਪੁੱਛਿਆ, ਮੈਂ ਉਹਨਾਂ ਉੱਤੇ ਪਰਗਟ ਹੋਇਆ।
21ਪਰ ਇਸਰਾਏਲ ਦੇ ਬਾਰੇ ਉਹ ਕਹਿੰਦਾ ਹੈ, ਮੈਂ ਇੱਕ ਅਣ-ਆਗਿਆਕਾਰੀ ਅਤੇ ਵਿਵਾਦ ਕਰਨ ਵਾਲੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ।