1ਇਫ਼ਰਾਈਮ ਦੇ ਲੋਕ ਇਕੱਠੇ ਹੋ ਕੇ ਸਾਪੋਨ ਵੱਲ ਗਏ ਅਤੇ ਯਿਫ਼ਤਾਹ ਨੂੰ ਕਿਹਾ, “ਜਦ ਤੂੰ ਅੰਮੋਨੀਆਂ ਨਾਲ ਲੜਾਈ ਕਰਨ ਨੂੰ ਪਾਰ ਗਿਆ ਤਾਂ ਸਾਨੂੰ ਕਿਉਂ ਨਹੀਂ ਬੁਲਾਇਆ ਤਾਂ ਜੋ ਅਸੀਂ ਵੀ ਤੇਰੇ ਨਾਲ ਜਾਂਦੇ? ਹੁਣ ਅਸੀਂ ਤੇਰੇ ਘਰ ਨੂੰ ਤੇਰੇ ਨਾਲ ਫੂਕ ਦਿਆਂਗੇ।”
2ਤਦ ਯਿਫ਼ਤਾਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਵੱਡਾ ਝਗੜਾ ਹੋਇਆ ਸੀ, ਅਤੇ ਜਦ ਮੈਂ ਤੁਹਾਨੂੰ ਬੁਲਾਇਆ ਤਾਂ ਤੁਸੀਂ ਮੈਨੂੰ ਉਨ੍ਹਾਂ ਦੇ ਹੱਥੋਂ ਨਾ ਛੁਡਾਇਆ।
3ਜਦ ਮੈਂ ਵੇਖਿਆ ਕਿ ਤੁਹਾਡੇ ਵੱਲੋਂ ਮੇਰਾ ਬਚਾਉ ਨਹੀਂ ਹੁੰਦਾ ਤਾਂ ਮੈਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਪਾਰ ਗਿਆ ਅਤੇ ਅੰਮੋਨੀਆਂ ਦਾ ਸਾਹਮਣਾ ਕੀਤਾ, ਅਤੇ ਯਹੋਵਾਹ ਨੇ ਉਨ੍ਹਾਂ ਨੂੰ ਮੇਰੇ ਹੱਥ ਕਰ ਦਿੱਤਾ, ਫਿਰ ਤੁਸੀਂ ਅੱਜ ਦੇ ਦਿਨ ਮੇਰੇ ਨਾਲ ਲੜਨ ਨੂੰ ਕਿਉਂ ਚੜ੍ਹ ਆਏ ਹੋ?”
4ਤਦ ਯਿਫ਼ਤਾਹ ਨੇ ਸਾਰੇ ਗਿਲਆਦੀਆਂ ਨੂੰ ਇਕੱਠੇ ਕਰਕੇ ਇਫ਼ਰਾਈਮੀਆਂ ਨਾਲ ਲੜਾਈ ਕੀਤੀ, ਅਤੇ ਗਿਲਆਦੀਆਂ ਨੇ ਇਫ਼ਰਾਈਮੀਆਂ ਨੂੰ ਮਾਰ ਲਿਆ ਕਿਉਂ ਜੋ ਉਹ ਕਹਿੰਦੇ ਸਨ, “ਤੁਸੀਂ ਗਿਲਆਦੀ, ਇਫ਼ਰਾਈਮ ਦੇ ਭਗੌੜੇ ਹੋ ਜੋ ਇਫ਼ਰਾਈਮੀਆਂ ਅਤੇ ਮਨੱਸ਼ੀਆਂ ਦੇ ਵਿਚਕਾਰ ਰਹਿੰਦੇ ਹੋ!”
5ਅਤੇ ਗਿਲਆਦੀਆਂ ਨੇ ਯਰਦਨ ਦੇ ਕੰਢਿਆਂ ਉੱਤੇ ਜੋ ਇਫ਼ਰਾਈਮ ਦੇ ਸਾਹਮਣੇ ਸਨ, ਕਬਜ਼ਾ ਕਰ ਲਿਆ ਅਤੇ ਜਦ ਕੋਈ ਇਫ਼ਰਾਈਮੀ ਭਗੌੜਾ ਆ ਕੇ ਕਹਿੰਦਾ, “ਮੈਨੂੰ ਪਾਰ ਲੰਘਣ ਦਿਉ,” ਤਾਂ ਗਿਲਆਦੀ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮੀ ਹੈਂ?” ਅਤੇ ਜੇਕਰ ਉਹ ਕਹਿੰਦਾ, “ਨਹੀਂ”
6ਤਾਂ ਉਹ ਉਸ ਨੂੰ ਕਹਿੰਦੇ, “ਭਲਾ, ਸ਼ਿੱਬੋਲਥ ਤਾਂ ਬੋਲ” ਅਤੇ ਉਹ ਕਹਿੰਦਾ “ਸਿੱਬੋਲਥ” ਕਿਉਂ ਜੋ ਉਹ ਇਸ ਗੱਲ ਨੂੰ ਠੀਕ ਤਰ੍ਹਾਂ ਨਹੀਂ ਬੋਲ ਸਕਦਾ ਸੀ, ਤਾਂ ਉਹ ਉਸ ਨੂੰ ਫੜ੍ਹ ਕੇ ਯਰਦਨ ਦੇ ਕੰਢਿਆਂ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
7ਯਿਫ਼ਤਾਹ ਨੇ ਛੇ ਸਾਲ ਤੱਕ ਇਸਰਾਏਲ ਦਾ ਨਿਆਂ ਕੀਤਾ। ਇਸ ਤੋਂ ਬਾਅਦ ਯਿਫ਼ਤਾਹ ਗਿਲਆਦੀ ਮਰ ਗਿਆ ਅਤੇ ਗਿਲਆਦ ਦੇ ਕਿਸੇ ਨਗਰ ਵਿੱਚ ਦੱਬਿਆ ਗਿਆ।
8ਉਸ ਦੇ ਬਾਅਦ ਬੈਤਲਹਮ ਵਾਸੀ ਇਬਸਾਨ ਇਸਰਾਏਲ ਦਾ ਨਿਆਈਂ ਬਣਿਆ।
9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ, ਅਤੇ ਉਸ ਨੇ ਆਪਣੀਆਂ ਸਾਰੀਆਂ ਧੀਆਂ ਪਰਦੇਸ ਵਿੱਚ ਵਿਆਹ ਦਿੱਤੀਆਂ ਅਤੇ ਆਪਣੇ ਤੀਹ ਪੁੱਤਰਾਂ ਲਈ ਪਰਦੇਸ ਤੋਂ ਤੀਹ ਨੂੰਹਾਂ ਲੈ ਆਇਆ। ਉਹ ਸੱਤ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਈਂ ਬਣਿਆ ਰਿਹਾ।
10ਤਦ ਇਬਸਾਨ ਮਰ ਗਿਆ ਅਤੇ ਬੈਤਲਹਮ ਵਿੱਚ ਦੱਬਿਆ ਗਿਆ।
11ਉਸ ਦੇ ਬਾਅਦ ਜ਼ਬੂਲੁਨੀ ਏਲੋਨ ਇਸਰਾਏਲੀਆਂ ਦਾ ਨਿਆਈਂ ਬਣਿਆ ਅਤੇ ਉਹ ਦਸ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕਰਦਾ ਰਿਹਾ।
12ਫਿਰ ਜ਼ਬੂਲੁਨੀ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇਸ਼ ਦੇ ਅੱਯਾਲੋਨ ਵਿੱਚ ਦੱਬਿਆ ਗਿਆ।
13ਉਸ ਦੇ ਬਾਅਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਇਸਰਾਏਲ ਦਾ ਨਿਆਈਂ ਬਣਿਆ।
14ਉਸ ਦੇ ਚਾਲ੍ਹੀ ਪੁੱਤਰ ਅਤੇ ਤੀਹ ਪੋਤਰੇ ਸਨ, ਜਿਹੜੇ ਗਧੀਆਂ ਦੇ ਸੱਤਰ ਬੱਚਿਆਂ ਉੱਤੇ ਸਵਾਰ ਹੁੰਦੇ ਸਨ। ਉਸ ਨੇ ਅੱਠ ਸਾਲਾਂ ਤੱਕ ਇਸਰਾਏਲੀਆਂ ਦਾ ਨਿਆਂ ਕੀਤਾ।
15ਤਦ ਹਿੱਲੇਲ ਪਿਰਾਥੋਨੀ ਦਾ ਪੁੱਤਰ ਅਬਦੋਨ ਮਰ ਗਿਆ ਅਤੇ ਇਫ਼ਰਾਈਮ ਦੇਸ਼ ਦੇ ਫਿਰਾਤੋਨ ਵਿੱਚ, ਜੋ ਅਮਾਲੇਕ ਦੇ ਪਹਾੜੀ ਦੇਸ਼ ਵਿੱਚ ਹੈ, ਦੱਬਿਆ ਗਿਆ।