Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 2 ਸਮੂ

2 ਸਮੂ 13

Help us?
Click on verse(s) to share them!
1ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਤਾਮਾਰ ਨਾਮ ਦੀ ਇੱਕ ਭੈਣ ਜੋ ਬਹੁਤ ਸੋਹਣੀ ਸੀ। ਦਾਊਦ ਦਾ ਪੁੱਤਰ ਅਮਨੋਨ ਉਸ ਨਾਲ ਪ੍ਰੇਮ ਕਰਨ ਲੱਗਾ।
2ਅਮਨੋਨ ਅਜਿਹਾ ਬੇਚੈਨ ਹੋਇਆ ਜੋ ਆਪਣੀ ਭੈਣ ਤਾਮਾਰ ਦੇ ਕਾਰਨ ਬਿਮਾਰ ਹੋ ਗਿਆ ਕਿਉਂ ਜੋ ਉਹ ਕੁਆਰੀ ਸੀ ਇਸ ਲਈ ਅਮਨੋਨ ਉਹ ਦੇ ਨਾਲ ਕੁਝ ਕਰਨਾ ਔਖਾ ਜਾਣ ਪਿਆ।
3ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ ਅਤੇ ਇਹ ਯੋਨਾਦਾਬ ਬਹੁਤ ਚਲਾਕ ਮਨੁੱਖ ਸੀ।
4ਸੋ ਉਸ ਨੇ ਉਹ ਨੂੰ ਆਖਿਆ, ਤੂੰ ਰਾਜਾ ਦਾ ਪੁੱਤਰ ਹੋ ਕੇ ਦਿਨੋਂ-ਦਿਨ ਕਮਜ਼ੋਰ ਕਿਉਂ ਹੁੰਦਾ ਜਾਂਦਾ ਹੈ? ਭਲਾ, ਤੂੰ ਮੈਨੂੰ ਨਾ ਦੱਸੇਗਾ? ਤਦ ਅਮਨੋਨ ਨੇ ਉਸ ਨੂੰ ਆਖਿਆ ਕਿ ਮੈਂ ਆਪਣੇ ਭਰਾ ਅਬਸ਼ਾਲੋਮ ਦੀ ਭੈਣ ਤਾਮਾਰ ਨਾਲ ਪਿਆਰ ਕਰਦਾ ਹਾਂ।
5ਇਸ ਲਈ ਯੋਨਾਦਾਬ ਨੇ ਉਹ ਨੂੰ ਆਖਿਆ, ਤੂੰ ਮੰਜੇ ਉੱਤੇ ਪਿਆ ਰਹਿ ਅਤੇ ਆਪਣੇ ਆਪ ਨੂੰ ਰੋਗੀ ਬਣਾ ਅਤੇ ਜਦ ਤੇਰਾ ਪਿਤਾ ਤੈਨੂੰ ਵੇਖਣ ਆਵੇ ਤਾਂ ਤੂੰ ਉਹ ਨੂੰ ਆਖੀਂ ਕਿ ਮੇਰੀ ਭੈਣ ਤਾਮਾਰ ਨੂੰ ਆਖੋ ਜੋ ਉਹ ਆਵੇ ਅਤੇ ਮੈਨੂੰ ਰੋਟੀ ਖੁਆਵੇ ਅਤੇ ਮੇਰੇ ਸਾਹਮਣੇ ਭੋਜਨ ਪਕਾਵੇ ਜੋ ਮੈਂ ਵੇਖਾਂ ਅਤੇ ਉਹ ਦੇ ਹੱਥੋਂ ਖਾਵਾਂ।
6ਤਦ ਅਮਨੋਨ ਲੰਮਾ ਪਿਆ ਰਿਹਾ ਅਤੇ ਆਪਣੇ ਆਪ ਨੂੰ ਬਿਮਾਰ ਬਣਾਇਆ ਅਤੇ ਜਦ ਰਾਜਾ ਉਸ ਨੂੰ ਵੇਖਣ ਲਈ ਆਇਆ ਤਾਂ ਅਮਨੋਨ ਨੇ ਰਾਜਾ ਨੂੰ ਆਖਿਆ, ਮੇਰੀ ਭੈਣ ਤਾਮਾਰ ਨੂੰ ਆਉਣ ਦਿਓ ਜੋ ਉਹ ਮੇਰੇ ਸਾਹਮਣੇ ਇੱਕ ਦੋ ਪੂਰੀਆਂ ਤਲੇ ਜੋ ਮੈਂ ਉਸ ਦੇ ਹੱਥੋਂ ਭੋਜਨ ਕਰਾਂ।
7ਤਦ ਦਾਊਦ ਨੇ ਤਾਮਾਰ ਦੇ ਘਰ ਸੁਨੇਹਾ ਭੇਜਿਆ, ਤੂੰ ਹੁਣ ਆਪਣੇ ਭਰਾ ਅਮਨੋਨ ਦੇ ਘਰ ਜਾ ਅਤੇ ਉਹ ਦੇ ਲਈ ਭੋਜਨ ਤਿਆਰ ਕਰ।
8ਸੋ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਆਈ ਅਤੇ ਉਹ ਮੰਜੇ ਉੱਤੇ ਪਿਆ ਹੋਇਆ ਸੀ। ਉਸ ਨੇ ਆਟਾ ਗੁੰਨ੍ਹਿਆ ਅਤੇ ਉਹ ਦੇ ਸਾਹਮਣੇ ਪੂਰੀਆਂ ਤਲੀਆਂ,
9ਉਸ ਨੇ ਥਾਲੀ ਲੈ ਕੇ ਉਨ੍ਹਾਂ ਨੂੰ ਉਹ ਦੇ ਸਾਹਮਣੇ ਰੱਖ ਦਿੱਤਾ ਪਰ ਉਹ ਨੇ ਖਾਣ ਤੋਂ ਮਨ੍ਹਾ ਕੀਤਾ। ਤਦ ਅਮਨੋਨ ਨੇ ਆਪਣੇ ਸੇਵਕਾਂ ਨੂੰ ਆਖਿਆ, ਸਾਰੇ ਲੋਕ ਮੇਰੇ ਕੋਲੋਂ ਬਾਹਰ ਚਲੇ ਜਾਣ ਸੋ ਸਭ ਉਹ ਦੇ ਕੋਲੋਂ ਬਾਹਰ ਚਲੇ ਗਏ।
10ਤਦ ਅਮਨੋਨ ਨੇ ਤਾਮਾਰ ਨੂੰ ਆਖਿਆ, ਕੋਠੜੀ ਦੇ ਅੰਦਰ ਭੋਜਨ ਲੈ ਆ ਜੋ ਮੈਂ ਤੇਰੇ ਹੱਥੋਂ ਖਾਵਾਂ। ਸੋ ਤਾਮਾਰ ਨੇ ਉਹ ਪੂਰੀਆਂ ਜੋ ਉਸ ਨੇ ਤਲੀਆਂ ਸਨ ਲਈਆਂ ਅਤੇ ਕੋਠੜੀ ਦੇ ਵਿੱਚ ਆਪਣੇ ਭਰਾ ਅਮਨੋਨ ਦੇ ਕੋਲ ਲੈ ਆਈ।
11ਜਦ ਉਹ ਭੋਜਨ ਖਵਾਉਣ ਲਈ ਉਹ ਦੇ ਸਾਹਮਣੇ ਲੈ ਆਈ ਤਾਂ ਉਹ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਆਖਿਆ, ਕੁੜੀਏ, ਮੇਰੇ ਨਾਲ ਸੰਗ ਕਰ!
12ਉਹ ਬੋਲੀ, ਨਹੀਂ ਮੇਰੇ ਭਰਾ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ! ਤੂੰ ਅਜਿਹੀ ਮੂਰਖਤਾ ਨਾ ਕਰ।
13ਮੈਂ ਆਪਣਾ ਕਲੰਕ ਕਿੱਥੇ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਵਿੱਚ ਮੂਰਖ ਹੋਵੇਂਗਾ! ਤੂੰ ਹੁਣ ਰਾਜਾ ਨੂੰ ਆਖ। ਉਹ ਮੈਨੂੰ ਤੇਰੇ ਨਾਲ ਵਿਆਹ ਤੋਂ ਨਾਂਹ ਨਾ ਕਰੇਗਾ।
14ਪਰ ਉਹ ਨੇ ਉਸ ਦੀ ਗੱਲ ਨਾ ਮੰਨੀ ਅਤੇ ਉਸ ਤੋਂ ਤਕੜਾ ਹੋਣ ਦੇ ਕਾਰਨ ਉਸ ਦੇ ਨਾਲ ਜ਼ਬਰਦਸਤੀ ਕੀਤੀ ਅਤੇ ਸੰਗ ਕੀਤਾ।
15ਫਿਰ ਅਮਨੋਨ ਨੇ ਉਸ ਦੇ ਨਾਲ ਡਾਢਾ ਵੈਰ ਕੀਤਾ ਅਜਿਹਾ ਵੈਰ ਜੋ ਉਸ ਦੀ ਪ੍ਰੀਤ ਨਾਲੋਂ ਵੀ ਵੱਧ ਸੀ ਅਤੇ ਅਮਨੋਨ ਨੇ ਉਸ ਨੂੰ ਆਖਿਆ, ਉੱਠ, ਚੱਲੀ ਜਾ!
16ਤਦ ਉਸ ਨੇ ਉਹ ਨੂੰ ਆਖਿਆ, ਅਜਿਹਾ ਨਹੀਂ ਹੋਵੇਗਾ ਕਿਉਂ ਜੋ ਮੈਨੂੰ ਕੱਢ ਦੇਣ ਬੁਰਿਆਈ ਉਸ ਨਾਲੋਂ ਵੀ ਵੱਧ ਹੈ ਜਿਹੜੀ ਤੂੰ ਮੇਰੇ ਨਾਲ ਸੰਗ ਕਰ ਕੇ ਕੀਤੀ ਹੈ! ਪਰ ਉਹ ਨੇ ਉਸ ਦੀ ਗੱਲ ਨਾ ਸੁਣੀ।
17ਤਦ ਅਮਨੋਨ ਨੇ ਆਪਣੇ ਜੁਆਨ ਸੇਵਕ ਨੂੰ ਜੋ ਉਹ ਦੀ ਸੇਵਾ ਕਰਦਾ ਸੀ ਸੱਦ ਕੇ ਆਖਿਆ, ਇਹ ਨੂੰ ਮੇਰੇ ਘਰੋਂ ਹੁਣੇ ਬਾਹਰ ਕੱਢ ਕੇ ਉਸ ਦੇ ਪਿੱਛੋਂ ਦਰਵਾਜ਼ਾ ਬੰਦ ਕਰ ਦੇ!
18ਉਸ ਨੇ ਰੰਗ-ਬਿਰੰਗੀ ਕੁੜਤੀ ਪਾਈ ਹੋਈ ਸੀ ਕਿਉਂ ਜੋ ਰਾਜਾ ਦੀਆਂ ਕੁਆਰੀਆਂ ਧੀਆਂ ਇਹੋ ਜਿਹੇ ਬਸਤਰ ਪਹਿਨਦੀਆਂ ਸਨ। ਸੋ, ਉਹ ਦੇ ਸੇਵਕ ਨੇ ਉਸ ਨੂੰ ਬਾਹਰ ਕੱਢ ਦਿੱਤਾ ਅਤੇ ਉਸ ਦੇ ਪਿੱਛੋਂ ਦਰਵਾਜ਼ਾ ਬੰਦ ਕਰ ਲਿਆ।

19ਤਾਮਾਰ ਨੇ ਸਿਰ ਉੱਤੇ ਸੁਆਹ ਪਾਈ ਅਤੇ ਉਹ ਰੰਗ-ਬਿਰੰਗੀ ਕੁੜਤੀ ਜੋ ਪਹਿਨੀ ਹੋਈ ਸੀ ਪਾੜ ਸੁੱਟੀ ਅਤੇ ਸਿਰ ਉੱਤੇ ਹੱਥ ਧਰ ਕੇ ਚੀਕਾਂ ਮਾਰਦੀ ਹੋਈ ਤੁਰੀ ਜਾਂਦੀ ਸੀ।
20ਉਸ ਦੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ ਕੀ ਤੇਰੇ ਭਰਾ ਅਮਨੋਨ ਨੇ ਤੇਰੇ ਨਾਲ ਕੁਝ ਕੀਤਾ? ਪਰ ਹੇ ਮੇਰੀ ਭੈਣ, ਹੁਣ ਚੁੱਪ ਰਹਿ ਕਿਉਂ ਜੋ ਉਹ ਤੇਰਾ ਭਰਾ ਹੈ ਅਤੇ ਇਸ ਗੱਲ ਲਈ ਮਨ ਵਿੱਚ ਫ਼ਿਕਰ ਨਾ ਕਰ। ਤਦ ਤਾਮਾਰ ਆਪਣੇ ਭਰਾ ਅਬਸ਼ਾਲੋਮ ਦੇ ਘਰ ਵਿੱਚ ਉਦਾਸ ਹੋ ਕੇ ਬੈਠੀ ਰਹੀ।
21ਜਦ ਦਾਊਦ ਰਾਜਾ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਹ ਦਾ ਕ੍ਰੋਧ ਭੜਕ ਪਿਆ।
22ਅਬਸ਼ਾਲੋਮ ਨੇ ਆਪਣੇ ਭਰਾ ਅਮਨੋਨ ਨੂੰ ਕੁਝ ਚੰਗਾ-ਮੰਦਾ ਨਾ ਆਖਿਆ, ਕਿਉਂ ਜੋ ਅਬਸ਼ਾਲੋਮ ਅਮਨੋਨ ਨਾਲ ਵੈਰ ਰੱਖਦਾ ਸੀ ਕਿਉਂਕਿ ਜੋ ਉਸ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ
23ਅਜਿਹਾ ਹੋਇਆ ਜੋ ਪੂਰੇ ਦੋ ਸਾਲ ਪਿੱਛੋਂ ਅਬਸ਼ਾਲੋਮ ਨੇ ਇਫ਼ਰਾਈਮ ਦੇ ਕੋਲ ਬਆਲ-ਹਸੋਰ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰਵਾਈ ਅਤੇ ਅਬਸ਼ਾਲੋਮ ਨੇ ਰਾਜੇ ਦੇ ਸਾਰੇ ਪੁੱਤਰਾਂ ਨੂੰ ਉੱਥੇ ਬੁਲਾਇਆ।
24ਅਬਸ਼ਾਲੋਮ ਰਾਜੇ ਕੋਲ ਆਇਆ ਅਤੇ ਆਖਿਆ, ਵੇਖੋ, ਤੇਰੇ ਸੇਵਕ ਦੇ ਉੱਨ ਕਤਰਨ ਵਾਲੇ ਉੱਥੇ ਹਨ ਸੋ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਰਾਜਾ ਅਤੇ ਉਹ ਦੇ ਦਾਸ ਤੇਰੇ ਸੇਵਕ ਨਾਲ ਚੱਲਣ।
25ਤਦ ਰਾਜੇ ਨੇ ਅਬਸ਼ਾਲੋਮ ਨੂੰ ਆਖਿਆ, ਨਾ ਪੁੱਤਰ ਅਸੀਂ ਸਾਰੇ ਨਹੀਂ ਜਾਂਵਾਂਗੇ ਅਜਿਹਾ ਨਾ ਹੋਵੇ ਜੋ ਤੇਰੇ ਤੇ ਭਾਰੀ ਹੋ ਜਾਈਏ ਅਤੇ ਉਸ ਨੇ ਬੇਨਤੀ ਕੀਤੀ ਪਰ ਉਹ ਨੇ ਜਾਣ ਤੋਂ ਨਾਂਹ ਕੀਤੀ ਪਰ ਉਹ ਨੂੰ ਅਸੀਸ ਦਿੱਤੀ।
26ਤਦ ਅਬਸ਼ਾਲੋਮ ਨੇ ਆਖਿਆ, ਜੇਕਰ ਤੂੰ ਨਹੀਂ ਜਾਂਦਾ ਤਾਂ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਭੇਜ ਦਿਓ। ਤਾਂ ਰਾਜਾ ਨੇ ਉਹ ਨੂੰ ਆਖਿਆ, ਉਹ ਕਿਉਂ ਤੇਰੇ ਨਾਲ ਜਾਵੇ?
27ਤਦ ਅਬਸ਼ਾਲੋਮ ਨੇ ਉਹ ਨੂੰ ਜ਼ੋਰ ਪਾਇਆ, ਤਾਂ ਉਸ ਨੇ ਅਮਨੋਨ ਨੂੰ ਅਤੇ ਸਾਰੇ ਰਾਜ ਪੁੱਤਰਾਂ ਨੂੰ ਉਹ ਦੇ ਨਾਲ ਜਾਣ ਦਿੱਤਾ।
28ਅਬਸ਼ਾਲੋਮ ਨੇ ਆਪਣੇ ਜੁਆਨਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਸੁਚੇਤ ਰਹੋ। ਜਦ ਅਮਨੋਨ ਦਾ ਦਿਲ ਸ਼ਰਾਬ ਪੀ ਕੇ ਮਤਵਾਲਾ ਹੋਵੇ ਅਤੇ ਮੈਂ ਤੁਹਾਨੂੰ ਆਖਾਂ ਕਿ ਅਮਨੋਨ ਨੂੰ ਮਾਰ ਦਿਓ! ਤਾਂ ਤੁਸੀਂ ਉਹ ਨੂੰ ਮਾਰ ਸੁੱਟਣਾ। ਬਿਲਕੁਲ ਨਾ ਡਰਿਓ! ਭਲਾ, ਮੈਂ ਤੁਹਾਨੂੰ ਹੁਕਮ ਨਹੀਂ ਦਿੱਤਾ? ਸੋ ਤਕੜੇ ਹੋਵੋ, ਹੱਥ ਮਜ਼ਬੂਤ ਕਰੋ!
29ਇਸ ਲਈ ਅਬਸ਼ਾਲੋਮ ਦੇ ਜੁਆਨਾਂ ਨੇ ਜਿਵੇਂ ਅਬਸ਼ਾਲੋਮ ਨੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਅਮਨੋਨ ਨਾਲ ਕੀਤਾ। ਤਦ ਸਾਰੇ ਰਾਜ ਪੁੱਤਰ ਉੱਠੇ ਅਤੇ ਸਾਰੇ ਮਨੁੱਖ ਆਪੋ ਆਪਣੇ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
30ਤਦ ਅਜਿਹਾ ਹੋਇਆ ਜੋ ਉਹ ਅਜੇ ਰਾਹ ਵਿੱਚ ਹੀ ਸਨ ਜੋ ਦਾਊਦ ਨੂੰ ਖ਼ਬਰ ਹੋਈ ਕਿ ਅਬਸ਼ਾਲੋਮ ਨੇ ਸਾਰੇ ਰਾਜਕੁਮਾਰਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ!
31ਤਦ ਰਾਜਾ ਉੱਠਿਆ, ਆਪਣੇ ਕੱਪੜੇ ਪਾੜ ਸੁੱਟੇ ਅਤੇ ਜ਼ਮੀਨ ਉੱਤੇ ਲੰਮਾ ਪੈ ਗਿਆ ਤਾਂ ਉਹ ਦੇ ਸਾਰੇ ਸੇਵਕ ਵੀ ਕੱਪੜੇ ਪਾੜ ਕੇ ਉਹ ਦੇ ਅੱਗੇ ਖੜ੍ਹੇ ਹੋ ਗਏ।
32ਤਦ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਸ ਤਰ੍ਹਾਂ ਬੋਲਿਆ, ਮੇਰਾ ਮਹਾਰਾਜ ਇਹ ਧਿਆਨ ਨਾ ਕਰੋ ਜੋ ਉਨ੍ਹਾਂ ਨੇ ਸਾਰੇ ਜੁਆਨਾਂ ਨੂੰ ਅਰਥਾਤ ਰਾਜੇ ਦੇ ਪੁੱਤਰ ਸਨ ਮਾਰ ਸੁੱਟਿਆ ਸਗੋਂ ਅਮਨੋਨ ਹੀ ਇਕੱਲਾ ਮਾਰਿਆ ਗਿਆ ਕਿਉਂ ਜੋ ਅਬਸ਼ਾਲੋਮ ਨੇ ਜਿਸ ਦਿਨ ਤੋਂ ਅਮਨੋਨ ਨੇ ਉਹ ਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ ਇਹ ਗੱਲ ਮਿੱਥ ਲਈ ਸੀ।
33ਸੋ ਮੇਰਾ ਮਹਾਰਾਜ ਰਾਜਾ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜਕੁਮਾਰ ਮਾਰੇ ਗਏ ਕਿਉਂ ਜੋ ਅਮਨੋਨ ਹੀ ਇਕੱਲਾ ਮਾਰਿਆ ਗਿਆ ਹੈ।
34ਅਬਸ਼ਾਲੋਮ ਨੱਠ ਗਿਆ ਅਤੇ ਉਸ ਜੁਆਨ ਰਾਖੇ ਨੇ ਜਦ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ ਤਾਂ ਕੀ ਵੇਖੇ ਜੋ ਵੱਡੀ ਭੀੜ ਪਰਬਤ ਦੇ ਰਾਹ ਵੱਲੋਂ ਉਹ ਦੇ ਪਿੱਛੇ ਆਉਂਦੀ ਸੀ।
35ਤਦ ਯੋਨਾਦਾਬ ਨੇ ਰਾਜਾ ਨੂੰ ਆਖਿਆ, ਵੇਖੋ ਰਾਜਕੁਮਾਰ ਆ ਗਏ ਅਤੇ ਜਿਵੇਂ ਤੁਹਾਡੇ ਸੇਵਕ ਨੇ ਆਖਿਆ ਸੀ ਉਸੇ ਤਰ੍ਹਾਂ ਹੀ ਹੋਇਆ।
36ਜਦ ਉਹ ਗੱਲ ਆਖ ਚੁੱਕਾ ਤਾਂ ਰਾਜਕੁਮਾਰ ਆ ਪਹੁੰਚੇ ਅਤੇ ਚੀਕਾਂ ਮਾਰ-ਮਾਰ ਕੇ ਰੋਏ ਅਤੇ ਰਾਜਾ ਵੀ ਆਪਣੇ ਸਾਰਿਆਂ ਸੇਵਕਾਂ ਨਾਲ ਬਹੁਤ ਭੁੱਬਾਂ ਮਾਰ-ਮਾਰ ਰੋਇਆ।

37ਪਰ ਅਬਸ਼ਾਲੋਮ ਨੱਠ ਕੇ ਗਸ਼ੂਰ ਦੇ ਰਾਜਾ ਅਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ ਅਤੇ ਦਾਊਦ ਹਰ ਰੋਜ਼ ਆਪਣੇ ਪੁੱਤਰ ਲਈ ਸੋਗ ਕਰਦਾ ਸੀ।
38ਅਬਸ਼ਾਲੋਮ ਨੱਠ ਕੇ ਗਸ਼ੂਰ ਵਿੱਚ ਆਇਆ ਅਤੇ ਤਿੰਨ ਸਾਲ ਉੱਥੇ ਰਿਹਾ।
39ਅਤੇ ਦਾਊਦ ਰਾਜਾ ਦਾ ਮਨ ਅਬਸ਼ਾਲੋਮ ਕੋਲ ਜਾਣ ਲਈ ਬਹੁਤ ਤਰਸਦਾ ਸੀ ਕਿਉਂ ਜੋ ਅਮਨੋਨ ਦੀ ਵੱਲੋਂ ਉਹ ਨੂੰ ਸ਼ਾਂਤੀ ਆ ਗਈ ਸੀ, ਕਿਉਂ ਜੋ ਉਹ ਮਰ ਚੁੱਕਾ ਸੀ।