Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 2 ਇਤ

2 ਇਤ 23

Help us?
Click on verse(s) to share them!
1ਸੱਤਵੇਂ ਸਾਲ ਯਹੋਯਾਦਾ ਨੇ ਆਪਣੇ ਆਪ ਨੂੰ ਤਕੜਾ ਕੀਤਾ ਅਤੇ ਸੈਂਕੜਿਆਂ ਦੇ ਸਰਦਾਰਾਂ ਨੂੰ ਅਰਥਾਤ ਯਰੋਹਾਮ ਦੇ ਪੁੱਤਰ ਅਜ਼ਰਯਾਹ ਤੇ ਯਹੋਹਾਨਾਨ ਦੇ ਪੁੱਤਰ ਇਸਮਾਏਲ ਤੇ ਓਬੇਦ ਦੇ ਪੁੱਤਰ ਅਜ਼ਰਯਾਹ ਤੇ ਅਦਾਯਾਹ ਦੇ ਪੁੱਤਰ ਮਅਸੇਯਾਹ ਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨੂੰ ਆਪਣੇ ਨਾਲ ਇੱਕ ਨੇਮ ਵਿੱਚ ਮਿਲਾਇਆ
2ਉਹ ਯਹੂਦਾਹ ਵਿੱਚ ਘੁੰਮੇ ਅਤੇ ਯਹੂਦਾਹ ਦੇ ਸਾਰਿਆਂ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ ਅਤੇ ਉਹ ਯਰੂਸ਼ਲਮ ਵਿੱਚ ਆਏ
3ਅਤੇ ਸਾਰੀ ਸਭਾ ਨੇ ਪਰਮੇਸ਼ੁਰ ਦੇ ਭਵਨ ਵਿੱਚ ਪਾਤਸ਼ਾਹ ਨਾਲ ਨੇਮ ਬੰਨਿਆ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਇਹ ਰਾਜਕੁਮਾਰ ਜਿਵੇਂ ਯਹੋਵਾਹ ਨੇ ਦਾਊਦ ਦੀ ਵੰਸ਼ ਦੇ ਵਿਖੇ ਆਖਿਆ ਹੈ ਰਾਜ ਕਰੇਗਾ
4ਤੁਸੀਂ ਇਹ ਕੰਮ ਕਰਨਾ। ਜਾਜਕਾਂ ਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫਾਟਕਾਂ ਦੇ ਦਰਬਾਨ ਹੋਣ
5ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਤੇ ਹੋਵੇ ਤੇ ਇੱਕ ਤਿਹਾਈ ਬੁਨਿਆਦ ਦੇ ਫਾਟਕ ਉੱਤੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵੇਹੜਿਆਂ ਵਿੱਚ ਹੋਣ
6ਪਰ ਯਹੋਵਾਹ ਦੇ ਭਵਨ ਵਿੱਚ ਬਿਨ੍ਹਾਂ ਜਾਜਕਾਂ ਦੇ ਅਤੇ ਉਨ੍ਹਾਂ ਦੇ ਜੋ ਲੇਵੀਆਂ ਵਿੱਚੋਂ ਸੇਵਾ ਕਰਦੇ ਹਨ ਹੋਰ ਕੋਈ ਨਾ ਆਵੇ ਕਿਉਂ ਜੋ ਉਹ ਪਵਿੱਤਰ ਹਨ ਪਰ ਸਾਰੇ ਲੋਕ ਜ਼ਿੰਮੇਵਾਰੀ ਨਾਲ ਯਹੋਵਾਹ ਦੇ ਭਵਨ ਦੀ ਰਾਖੀ ਕਰਨ
7ਅਤੇ ਲੇਵੀ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਰਾਜੇ ਨੂੰ ਚੁਫ਼ੇਰਿਓਂ ਘੇਰੀਂ ਰੱਖਣ ਅਤੇ ਜੋ ਕੋਈ ਭਵਨ ਦੇ ਅੰਦਰ ਆਵੇ ਉਹ ਮਾਰਿਆ ਜਾਵੇ ਸੋ ਤੁਸੀਂ ਰਾਜੇ ਦੇ ਅੰਦਰ-ਬਾਹਰ ਆਉਂਦਿਆਂ ਜਾਂਦਿਆਂ ਉਹ ਦੇ ਨਾਲ-ਨਾਲ ਰਹਿਓ
8ਸੋ ਲੇਵੀਆਂ ਤੇ ਸਾਰੇ ਯਹੂਦੀਆਂ ਨੇ ਸਭ ਕੁਝ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਆਪਣੇ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਜੋ ਯਹੋਯਾਦਾ ਜਾਜਕ ਨੇ ਵਾਰੀ ਵਾਲਿਆਂ ਨੂੰ ਵਿਦਿਆ ਨਹੀਂ ਕੀਤਾ ਸੀ
9ਅਤੇ ਯਹੋਯਾਦਾ ਜਾਜਕ ਨੇ ਦਾਊਦ ਰਾਜਾ ਦੇ ਬਰਛੇ, ਫਰੀਆਂ ਅਤੇ ਢਾਲਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਸਨ ਸੌ-ਸੌ ਦੇ ਸਰਦਾਰਾਂ ਨੂੰ ਦਿੱਤੀਆਂ,
10ਤਾਂ ਉਸ ਨੇ ਸਾਰੇ ਲੋਕਾਂ ਨੂੰ ਜੋ ਆਪਣਾ-ਆਪਣਾ ਸ਼ਸਤਰ ਹੱਥ ਵਿੱਚ ਫੜੇ ਸਨ ਭਵਨ ਦੇ ਸੱਜੇ ਖੂੰਜਿਓ ਲੈ ਕੇ ਭਵਨ ਦੇ ਖੱਬੇ ਖੂੰਜੇ ਤੱਕ ਜਗਵੇਦੀ ਤੇ ਭਵਨ ਦੇ ਲਾਂਭੇ-ਲਾਂਭੇ ਪਾਤਸ਼ਾਹ ਦੇ ਚੁਫ਼ੇਰੇ ਖੜ੍ਹਾ ਕਰ ਦਿੱਤਾ
11ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹ ਦੇ ਉੱਤੇ ਮੁਕਟ ਰੱਖਿਆ ਅਤੇ ਸਾਖੀ ਨਾਮਾ ਵੀ ਦਿੱਤਾ ਸੋ ਉਨ੍ਹਾਂ ਨੇ ਉਹ ਨੂੰ ਪਾਤਸ਼ਾਹ ਬਣਾਇਆ ਅਤੇ ਯਹੋਯਾਦਾ ਅਤੇ ਉਹ ਦੇ ਪੁੱਤਰਾਂ ਨੇ ਉਹ ਨੂੰ ਮਸਹ ਕੀਤਾ ਅਤੇ ਉਨ੍ਹਾਂ ਨੇ ਆਖਿਆ, ਪਾਤਸ਼ਾਹ ਜੀਉਂਦਾ ਰਹੇ!
12ਜਦ ਅਥਲਯਾਹ ਨੇ ਲੋਕਾਂ ਦਾ ਰੌਲ਼ਾ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਪਮਾ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਭਵਨ ਵਿੱਚ ਲੋਕਾਂ ਦੇ ਕੋਲ ਆਈ।
13ਜਦ ਨਿਗਾਹ ਕੀਤੀ ਤਾਂ ਵੇਖੋ, ਰਾਜਾ ਆਪਣੇ ਥੰਮ੍ਹ ਦੇ ਕੋਲ ਫਾਟਕ ਵੱਲ ਖੜ੍ਹਾ ਸੀ ਅਤੇ ਸਰਦਾਰ ਤੇ ਤੁਰ੍ਹੀ ਵਜਾਉਣ ਵਾਲੇ ਰਾਜੇ ਦੇ ਕੋਲ ਸਨ ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ ਅਤੇ ਗਾਉਣ ਵਾਲੇ ਵਾਜਿਆਂ ਨਾਲ ਉਪਮਾ ਕਰਨ ਵਿੱਚ ਅਗਵਾਈ ਕਰਦੇ ਸਨ ਸੋ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਅਤੇ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ!
14ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਹ ਨੂੰ ਪਾਲਾਂ ਦੇ ਵਿੱਚਕਾਰੋਂ ਲੈ ਜਾਓ ਤੇ ਜੋ ਕੋਈ ਉਹ ਦੇ ਪਿੱਛੇ ਆਵੇ ਉਹ ਤਲਵਾਰ ਨਾਲ ਵੱਢਿਆ ਜਾਵੇ ਕਿਉਂ ਜੋ ਜਾਜਕ ਨੇ ਆਖਿਆ, ਉਹ ਨੂੰ ਯਹੋਵਾਹ ਦੇ ਭਵਨ ਵਿੱਚ ਨਾ ਮਾਰੋ
15ਸੋ ਉਨ੍ਹਾਂ ਨੇ ਉਹ ਦੇ ਉੱਤੇ ਹੱਥ ਪਾਏ ਅਤੇ ਜਦ ਉਹ ਪਾਤਸ਼ਾਹ ਦੇ ਮਹਿਲ ਦੇ ਘੋੜਿਆਂ ਦੇ ਫਾਟਕ ਕੋਲ ਆਈ ਤਾਂ ਉਨ੍ਹਾਂ ਨੇ ਉਹ ਨੂੰ ਉੱਥੇ ਮਾਰ ਦਿੱਤਾ।
16ਫੇਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਅਤੇ ਰਾਜਾ ਦੇ ਵਿਚਕਾਰ ਇੱਕ ਨੇਮ ਬੰਨ੍ਹਿਆ ਕਿ ਉਹ ਯਹੋਵਾਹ ਦੀ ਪਰਜਾ ਹੋਣ
17ਅਤੇ ਸਾਰੇ ਲੋਕ ਬਆਲ ਦੇ ਮੰਦਰ ਵਿੱਚ ਵੜ ਗਏ ਅਤੇ ਉਸ ਨੂੰ ਢਾਹ ਦਿੱਤਾ ਅਤੇ ਉਹ ਦੀਆਂ ਜਗਵੇਦੀਆਂ ਅਤੇ ਮੂਰਤਾਂ ਨੂੰ ਪੂਰੀ ਤਰ੍ਹਾਂ ਹੀ ਚਕਨਾ-ਚੂਰ ਕਰ ਸੁੱਟਿਆ ਅਤੇ ਬਆਲ ਦੇ ਪੁਜਾਰੀ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਸੁੱਟਿਆ
18ਅਤੇ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੇ ਹਾਕਮਾਂ ਨੂੰ ਜਾਜਕਾਂ ਤੇ ਲੇਵੀਆਂ ਦੇ ਹੱਥ ਹੇਠ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਵੰਡ ਦਿੱਤਾ ਸੀ ਥਾਪਿਆ ਕਿ ਉਹ ਯਹੋਵਾਹ ਦੀਆਂ ਹੋਮ ਬਲੀਆਂ ਅਨੰਦਤਾਈ ਤੇ ਗਾਉਣੇ ਦੇ ਨਾਲ ਦਾਊਦ ਦੇ ਹੁਕਮ ਅਨੁਸਾਰ ਚੜ੍ਹਾਉਣ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ

19ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਫਾਟਕਾਂ ਉੱਤੇ ਦਰਬਾਨ ਰੱਖੇ ਤਾਂ ਜੋ ਕੋਈ ਜਣਾ ਜੋ ਕਿਸੇ ਗੱਲ ਵਿੱਚ ਅਸ਼ੁੱਧ ਹੋਵੇ ਨਾ ਵੜੇ
20ਅਤੇ ਉਸ ਨੇ ਸੌ-ਸੌ ਦੇ ਸਰਦਾਰਾਂ ਅਤੇ ਸ਼ਰੀਫਾਂ ਅਤੇ ਲੋਕਾਂ ਦੇ ਹਾਕਮਾਂ ਅਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਭਵਨ ਤੋਂ ਉਤਾਰ ਲਿਆਏ ਅਤੇ ਉਹ ਉੱਚੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਉਨ੍ਹਾਂ ਨੇ ਪਾਤਸ਼ਾਹ ਨੂੰ ਸਿੰਘਾਸਣ ਉੱਤੇ ਬਿਰਾਜਮਾਨ ਕੀਤਾ
21ਅਤੇ ਦੇਸ ਦੇ ਸਾਰੇ ਲੋਕਾਂ ਨੇ ਖੁਸ਼ੀ ਮਨਾਈ ਅਤੇ ਸ਼ਹਿਰ ਵਿੱਚ ਅਮਨ ਸੀ। ਸੋ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਵੱਢ ਸੁੱਟਿਆ।