Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - 2 ਇਤ

2 ਇਤ 6

Help us?
Click on verse(s) to share them!
1ਤਦ ਸੁਲੇਮਾਨ ਨੇ ਆਖਿਆ, ਯਹੋਵਾਹ ਨੇ ਫ਼ਰਮਾਇਆ ਸੀ ਕਿ ਉਹ ਘੁੱਪ ਹਨ੍ਹੇਰੇ ਵਿੱਚ ਵੱਸੇਗਾ।
2ਮੈਂ ਜ਼ਰੂਰ ਤੇਰੇ ਲਈ ਇੱਕ ਉੱਚਾ ਭਵਨ ਜਿੱਥੇ ਤੂੰ ਸਦਾ ਤੱਕ ਰਹੇਂ ਬਣਾਇਆ।
3ਰਾਜੇ ਨੇ ਇਸਰਾਏਲ ਦੀ ਸਾਰੀ ਸਭਾ ਵੱਲ ਆਪਣਾ ਮੂੰਹ ਫੇਰ ਕੇ ਉਨ੍ਹਾਂ ਨੂੰ ਬਰਕਤ ਦਿੱਤੀ ਤੇ ਇਸਰਾਏਲ ਦੀ ਸਾਰੀ ਸਭਾ ਖੜ੍ਹੀ ਰਹੀ।
4ਸੁਲੇਮਾਨ ਨੇ ਆਖਿਆ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਮੁਬਾਰਕ ਹੋਵੇ ਜਿਸ ਨੇ ਆਪਣੇ ਮੂੰਹ ਤੋਂ ਮੇਰੇ ਪਿਤਾ ਦਾਊਦ ਨਾਲ ਬਚਨ ਕੀਤਾ ਅਤੇ ਉਹ ਨੂੰ ਆਪਣੇ ਹੱਥ ਨਾਲ ਪੂਰਾ ਵੀ ਕੀਤਾ,
5ਕਿ ਜਿਸ ਦਿਨ ਤੋਂ ਮੈਂ ਆਪਣੀ ਪਰਜਾ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਇਆ ਹਾਂ ਤਦ ਤੋਂ ਮੈਂ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਾ ਤਾਂ ਕਿਸੇ ਸ਼ਹਿਰ ਨੂੰ ਚੁਣਿਆ, ਤਾਂ ਜੋ ਉਸ ਵਿੱਚ ਭਵਨ ਬਣਾਇਆ ਜਾਵੇ ਅਤੇ ਉੱਥੇ ਮੇਰਾ ਨਾਮ ਰਹੇ ਅਤੇ ਨਾ ਹੀ ਕਿਸੇ ਮਨੁੱਖ ਨੂੰ ਚੁਣਿਆ ਜੋ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਹੋਵੇ
6ਪਰ ਮੈਂ ਯਰੂਸ਼ਲਮ ਨੂੰ ਚੁਣਿਆ ਕਿ ਉੱਥੇ ਮੇਰਾ ਨਾਮ ਹੋਵੇ ਅਤੇ ਦਾਊਦ ਨੂੰ ਚੁਣਿਆ ਕਿ ਉਹ ਮੇਰੀ ਪਰਜਾ ਇਸਰਾਏਲ ਦੇ ਉੱਤੇ ਹੋਵੇ
7ਅਤੇ ਮੇਰੇ ਪਿਤਾ ਦਾਊਦ ਦੇ ਦਿਲ ਵਿੱਚ ਸੀ ਕਿ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਲਈ ਇੱਕ ਭਵਨ ਬਣਾਵੇ
8ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ ਜੋ ਮੇਰੇ ਨਾਮ ਲਈ ਤੇਰੇ ਦਿਲ ਵਿੱਚ ਇੱਕ ਭਵਨ ਬਣਾਉਣ ਦੀ ਇੱਛਾ ਸੀ ਸੋ ਤੂੰ ਚੰਗਾ ਕੀਤਾ ਜੋ ਉਹ ਤੇਰੇ ਮਨ ਵਿੱਚ ਸੀ
9ਤਾਂ ਵੀ ਤੂੰ ਇਸ ਭਵਨ ਨੂੰ ਨਹੀਂ ਬਣਾਵੇਂਗਾ ਸਗੋਂ ਤੇਰਾ ਪੁੱਤਰ ਜੋ ਤੇਰੀ ਵੰਸ਼ ਵਿੱਚੋਂ ਹੋਵੇਗਾ ਉਹੀ ਮੇਰੇ ਨਾਮ ਲਈ ਭਵਨ ਬਣਾਵੇਗਾ
10ਯਹੋਵਾਹ ਨੇ ਆਪਣਾ ਉਹ ਬਚਨ ਪੂਰਾ ਕੀਤਾ ਹੈ ਜੋ ਉਸ ਨੇ ਕਿਹਾ ਸੀ ਕਿਉਂ ਜੋ ਮੈਂ ਆਪਣੇ ਪਿਤਾ ਦਾਊਦ ਦੇ ਥਾਂ ਉੱਠਿਆ ਹਾਂ ਅਤੇ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ। ਮੈਂ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਾ ਹਾਂ ਅਤੇ ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਨਾਮ ਲਈ ਇਹ ਭਵਨ ਬਣਾਇਆ
11ਅਤੇ ਉਸੇ ਥਾਂ ਮੈਂ ਉਹ ਸੰਦੂਕ ਰੱਖਿਆ ਹੈ ਜਿਸ ਵਿੱਚ ਯਹੋਵਾਹ ਦਾ ਉਹ ਨੇਮ ਹੈ ਜੋ ਉਸ ਨੇ ਇਸਰਾਏਲੀਆਂ ਨਾਲ ਬੰਨ੍ਹਿਆ ਸੀ।
12ਸੁਲੇਮਾਨ ਨੇ ਇਸਰਾਏਲ ਦੀ ਸਾਰੀ ਸਭਾ ਦੇ ਅੱਗੇ ਯਹੋਵਾਹ ਦੀ ਜਗਵੇਦੀ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਹੱਥ ਅੱਡੇ
13ਕਿਉਂ ਜੋ ਸੁਲੇਮਾਨ ਨੇ ਪੰਜ ਹੱਥ ਲੰਮਾ, ਪੰਜ ਹੱਥ ਚੌੜਾ ਅਤੇ ਤਿੰਨ ਹੱਥ ਉੱਚਾ ਪਿੱਤਲ ਦਾ ਇੱਕ ਥੜਾ ਬਣਵਾ ਕੇ ਵਿਹੜੇ ਵਿੱਚ ਰੱਖ ਦਿੱਤਾ ਅਤੇ ਉਸ ਉੱਤੇ ਉਹ ਖੜ੍ਹਾ ਹੋਇਆ ਸੀ, ਸੋ ਉਸ ਨੇ ਸਾਰੀ ਸਭਾ ਦੇ ਸਾਹਮਣੇ ਗੋਡੇ ਟੇਕ ਕੇ ਅਕਾਸ਼ ਵੱਲ ਆਪਣੇ ਹੱਥ ਚੁੱਕੇ
14ਅਤੇ ਕਹਿਣ ਲੱਗਾ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਜਿਹਾ ਨਾ ਸਵਰਗ ਵਿੱਚ ਨਾ ਧਰਤੀ ਉੱਤੇ ਕੋਈ ਪਰਮੇਸ਼ੁਰ ਨਹੀਂ ਜੋ ਆਪਣੇ ਉਨ੍ਹਾਂ ਦਾਸਾਂ ਲਈ ਜਿਹੜੇ ਆਪਣੇ ਸੱਚੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ ਆਪਣੇ ਨੇਮ ਅਤੇ ਕਿਰਪਾ ਕਾਇਮ ਰੱਖਦਾ ਹੈ
15ਅਤੇ ਜਿਸ ਨੇ ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਜੋ ਬਚਨ ਕੀਤਾ ਸੋ ਪੂਰਾ ਕੀਤਾ ਹੈ। ਹਾਂ ਤੂੰ ਆਪਣੇ ਮੂੰਹ ਤੋਂ ਬਚਨ ਦਿੱਤਾ ਅਤੇ ਆਪਣੇ ਹੱਥ ਨਾਲ ਉਹ ਨੂੰ ਪੂਰਾ ਕੀਤਾ ਜਿਵੇਂ ਅੱਜ ਦੇ ਦਿਨ ਹੈ
16ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਆਪਣੇ ਦਾਸ ਮੇਰੇ ਪਿਤਾ ਦਾਊਦ ਦੇ ਨਾਲ ਉਸ ਬਚਨ ਨੂੰ ਵੀ ਪੂਰਾ ਕਰ ਜੋ ਤੂੰ ਉਸ ਨਾਲ ਕੀਤਾ ਸੀ ਕਿ ਤੇਰੇ ਲਈ ਇਸਰਾਏਲ ਦੀ ਰਾਜ ਗੱਦੀ ਉੱਤੇ ਬੈਠਣ ਲਈ ਮੇਰੇ ਹਜ਼ੂਰ ਮਨੁੱਖ ਦੀ ਥੁੜ ਨਹੀਂ ਹੋਵੇਗੀ, ਜੇ ਕੇਵਲ ਤੇਰੇ ਪੁੱਤਰ ਆਪਣੇ ਰਾਹ ਉੱਤੇ ਧਿਆਨ ਕਰਨ ਅਤੇ ਮੇਰੀ ਬਿਵਸਥਾ ਅਨੁਸਾਰ ਚੱਲਣ ਜਿਵੇਂ ਤੂੰ ਮੇਰੇ ਸਨਮੁਖ ਚੱਲਦਾ ਰਿਹਾ ਹੈਂ
17ਹੁਣ ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜੋ ਬਚਨ ਤੂੰ ਆਪਣੇ ਦਾਸ ਦਾਊਦ ਨਾਲ ਕੀਤਾ ਸੀ ਉਹ ਸੱਚਾ ਠਹਿਰਾਇਆ ਜਾਵੇ।
18ਪਰ ਕੀ ਪਰਮੇਸ਼ੁਰ ਸੱਚ-ਮੁੱਚ ਆਦਮੀਆਂ ਦੇ ਨਾਲ ਧਰਤੀ ਉੱਤੇ ਵਾਸ ਕਰੇਗਾ? ਵੇਖ, ਸਵਰਗ, ਸਗੋਂ ਸਵਰਗਾਂ ਦੇ ਸਵਰਗ ਤੈਨੂੰ ਨਹੀਂ ਸੰਭਾਲ ਸਕੇ, ਫਿਰ ਕਿਵੇਂ ਇਹ ਭਵਨ ਜੋ ਮੈਂ ਬਣਾਇਆ?

19ਤਦ ਵੀ ਹੇ ਯਹੋਵਾਹ ਮੇਰੇ ਪਰਮੇਸ਼ੁਰ, ਆਪਣੇ ਦਾਸ ਦੀ ਬੇਨਤੀ ਅਤੇ ਅਰਦਾਸ ਵੱਲ ਧਿਆਨ ਕਰ ਅਤੇ ਉਸ ਦੁਹਾਈ ਅਤੇ ਬੇਨਤੀ ਨੂੰ ਸੁਣ ਲੈ ਜੋ ਤੇਰਾ ਦਾਸ ਅੱਜ ਤੇਰੇ ਸਾਹਮਣੇ ਪ੍ਰਾਰਥਨਾ ਕਰਦਾ ਹੈ
20ਤਾਂ ਜੋ ਤੇਰੀਆਂ ਅੱਖਾਂ ਇਸ ਭਵਨ ਵੱਲ ਅਰਥਾਤ ਇਸ ਥਾਂ ਵੱਲ ਜਿਸ ਦੇ ਵਿਖੇ ਤੂੰ ਫ਼ਰਮਾਇਆ ਸੀ ਕਿ ਮੈਂ ਆਪਣਾ ਨਾਮ ਉੱਥੇ ਰੱਖਾਂਗਾ ਦਿਨ ਤੇ ਰਾਤ ਖੁੱਲ੍ਹੀਆਂ ਰਹਿਣ ਤਾਂ ਜੋ ਤੂੰ ਉਸ ਬੇਨਤੀ ਨੂੰ ਸੁਣੇਂ ਜੋ ਤੇਰਾ ਦਾਸ ਇਸ ਸਥਾਨ ਵੱਲ ਕਰੇ
21ਅਤੇ ਤੂੰ ਆਪਣੇ ਦਾਸ ਅਤੇ ਆਪਣੀ ਪਰਜਾ ਇਸਰਾਏਲ ਦੀਆਂ ਬੇਨਤੀਆਂ ਨੂੰ ਜਦ ਉਹ ਇਸ ਸਥਾਨ ਵੱਲ ਪ੍ਰਾਰਥਨਾ ਕਰਨ ਸੁਣ ਲਈਂ ਸਗੋਂ ਆਪਣੇ ਸਵਰਗੀ ਭਵਨ ਵਿੱਚੋਂ ਸੁਣ ਲਈਂ ਅਤੇ ਸੁਣ ਕੇ ਮਾਫ਼ ਕਰੀਂ।
22ਜੇ ਕੋਈ ਮਨੁੱਖ ਆਪਣੇ ਗੁਆਂਢੀ ਦੇ ਵਿਰੁੱਧ ਪਾਪ ਕਰੇ ਅਤੇ ਉਸ ਤੋਂ ਸਹੁੰ ਖਵਾਈ ਜਾਵੇ ਅਤੇ ਉਹ ਸਹੁੰ ਇਸ ਭਵਨ ਦੀ ਜਗਵੇਦੀ ਅੱਗੇ ਖਾਧੀ ਜਾਵੇ।
23ਤਾਂ ਤੂੰ ਸਵਰਗ ਵਿੱਚੋਂ ਸੁਣ ਕੇ ਕੰਮ ਕਰੀਂ ਅਤੇ ਆਪਣੇ ਦਾਸਾਂ ਦਾ ਨਿਆਂ ਕਰ ਕੇ ਦੁਸ਼ਟ ਨੂੰ ਸਜ਼ਾ ਦੇਵੀਂ ਕਿ ਉਸ ਦੇ ਕੀਤੇ ਨੂੰ ਉਸ ਦੇ ਮੱਥੇ ਮੋੜੇਂ ਅਤੇ ਧਰਮੀ ਨੂੰ ਧਰਮੀ ਠਹਿਰਾ ਕੇ ਉਸ ਦੇ ਧਰਮ ਦਾ ਬਦਲ ਦੇਵੀਂ
24ਅਤੇ ਜੇਕਰ ਤੇਰੀ ਪਰਜਾ ਇਸਰਾਏਲ ਤੇਰਾ ਪਾਪ ਕਰਨ ਦੇ ਕਾਰਨ ਆਪਣੇ ਵੈਰੀਆਂ ਦੇ ਅੱਗੋਂ ਮਾਰੀ ਜਾਵੇ ਅਤੇ ਫੇਰ ਤੇਰੀ ਵੱਲ ਫਿਰਨ ਅਤੇ ਤੇਰੇ ਨਾਮ ਨੂੰ ਮੰਨ ਕੇ ਇਸ ਭਵਨ ਵਿੱਚ ਤੇਰੇ ਸਨਮੁਖ ਪ੍ਰਾਰਥਨਾ ਅਤੇ ਬੇਨਤੀ ਕਰਨ
25ਤਾਂ ਤੂੰ ਸਵਰਗ ਤੋਂ ਸੁਣ ਕੇ ਆਪਣੀ ਪਰਜਾ ਇਸਰਾਏਲ ਦੇ ਪਾਪ ਨੂੰ ਮਾਫ਼ ਕਰੀਂ ਅਤੇ ਤੂੰ ਉਨ੍ਹਾਂ ਨੂੰ ਇਸ ਦੇਸ ਵਿੱਚ ਜਿਹੜਾ ਤੂੰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਹੈ ਮੋੜ ਲਿਆਵੀਂ।
26ਜਦ ਇਸ ਕਾਰਨ ਕਿ ਉਨ੍ਹਾਂ ਨੇ ਤੇਰਾ ਪਾਪ ਕੀਤਾ ਹੋਵੇ ਅਕਾਸ਼ ਬੰਦ ਹੋ ਜਾਵੇ ਅਤੇ ਮੀਂਹ ਨਾ ਪਵੇ ਅਤੇ ਉਹ ਇਸ ਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮੰਨਣ ਅਤੇ ਜਦ ਤੂੰ ਉਨ੍ਹਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ
27ਤਾਂ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀਂ ਕਿਉਂ ਜੋ ਤੂੰ ਉਨ੍ਹਾਂ ਨੂੰ ਉਸ ਚੰਗੇ ਰਾਹ ਦੀ ਸਿੱਖਿਆ ਦਿੱਤੀ ਹੈ ਜਿਸ ਉੱਤੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਦੇਸ ਵਿੱਚ ਜਿਹੜਾ ਤੂੰ ਆਪਣੀ ਪਰਜਾ ਨੂੰ ਵਿਰਸੇ ਵਿੱਚ ਦਿੱਤਾ ਹੈ ਮੀਂਹ ਵਰਾਈਂ।
28ਜੇਕਰ ਦੇਸ ਵਿੱਚ ਕਾਲ ਜਾਂ ਬਵਾ ਪੈ ਜਾਵੇ ਜਾਂ ਔੜ ਜਾਂ ਕੁੰਗੀ ਜਾਂ ਸਲਾ ਜਾਂ ਸੁੰਡੀ ਟੋਕਾ ਆ ਪਵੇ, ਜੇ ਉਨ੍ਹਾਂ ਦੇ ਵੈਰੀ ਉਨ੍ਹਾਂ ਦੇ ਦੇਸ ਦੇ ਫਾਟਕਾਂ ਨੂੰ ਘੇਰ ਲੈਣ ਭਾਵੇਂ ਕਿਹੋ ਜਿਹਾ ਕਸ਼ਟ ਜਾਂ ਰੋਗ ਹੋਵੇ
29ਤਾਂ ਜਿਹੜੀ ਬੇਨਤੀ ਜਾਂ ਅਰਦਾਸ ਕਿਸੇ ਇੱਕ ਪੁਰਸ਼ ਵੱਲੋਂ ਜਾਂ ਤੇਰੀ ਸਾਰੀ ਪਰਜਾ ਇਸਰਾਏਲ ਵੱਲੋਂ ਹੋਵੇ ਜਿਸ ਵਿੱਚ ਹਰ ਇੱਕ ਮਨੁੱਖ ਆਪਣੇ ਦੁੱਖ ਅਤੇ ਆਪਣੀ ਨਿਰਾਸ਼ਾ ਨੂੰ ਜਾਣ ਕੇ ਆਪਣੇ ਹੱਥ ਇਸ ਭਵਨ ਵੱਲ ਅੱਡੇ
30ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਮਾਫ਼ ਕਰੀਂ ਅਤੇ ਤੂੰ ਜੋ ਉਸ ਦੇ ਦਿਲ ਨੂੰ ਜਾਣਦਾ ਹੈਂ ਹਰ ਮਨੁੱਖ ਨੂੰ ਉਸ ਦੀ ਚਾਲ ਅਨੁਸਾਰ ਬਦਲਾ ਦੇਈਂ ਕਿਉਂ ਜੋ ਤੂੰ ਹੀ ਮਨੁੱਖਾਂ ਦੇ ਦਿਲਾਂ ਨੂੰ ਜਾਣਨ ਵਾਲਾ ਹੈਂ
31ਤਾਂ ਜੋ ਉਹ ਆਪਣੇ ਜੀਉਣ ਦੇ ਸਾਰੇ ਦਿਨ ਜਿਹੜੇ ਉਹ ਉਸ ਭੂਮੀ ਉੱਤੇ ਗੁਜ਼ਾਰਨ ਜਿਹ ਨੂੰ ਤੂੰ ਸਾਡੇ ਪੁਰਖਿਆਂ ਨੂੰ ਦਿੱਤੀ ਹੈ ਤੇਰੇ ਰਾਹਾਂ ਉੱਤੇ ਚੱਲਣ ਅਤੇ ਤੇਰੇ ਕੋਲੋਂ ਡਰਨ।
32ਉਹ ਪਰਦੇਸੀ ਵੀ ਜਿਹੜਾ ਤੇਰੀ ਪਰਜਾ ਇਸਰਾਏਲ ਵਿੱਚੋਂ ਨਹੀਂ ਹੈ, ਜਦ ਉਹ ਤੇਰੇ ਵੱਡੇ ਨਾਮ ਅਤੇ ਸ਼ਕਤੀਸ਼ਾਲੀ ਹੱਥ ਅਤੇ ਤੇਰੀ ਲੰਮੀ ਬਾਂਹ ਦੇ ਕਾਰਨ ਦੂਰ ਦੇ ਦੇਸ ਵਿੱਚੋਂ ਆਵੇ ਅਤੇ ਆ ਕੇ ਇਸ ਭਵਨ ਵੱਲ ਬੇਨਤੀ ਕਰੇ
33ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਸੁਣ ਕੇ ਉਸ ਓਪਰੇ ਦੀ ਸਾਰੀ ਦੁਹਾਈ ਅਨੁਸਾਰ ਕਰੀਂ ਤਾਂ ਜੋ ਧਰਤੀ ਦੇ ਸਾਰੇ ਲੋਕ ਤੇਰੇ ਨਾਮ ਨੂੰ ਜਾਣ ਲੈਣ ਅਤੇ ਤੇਰੀ ਪਰਜਾ ਇਸਰਾਏਲ ਵਾਂਗਰ ਤੇਰਾ ਭੈਅ ਮੰਨਣ ਅਤੇ ਜਾਣ ਲੈਣ ਕਿ ਇਹ ਭਵਨ ਜਿਹ ਨੂੰ ਮੈਂ ਬਣਾਇਆ ਹੈ ਤੇਰੇ ਨਾਮ ਦਾ ਕਹਾਉਂਦਾ ਹੈ।
34ਜੇਕਰ ਤੇਰੀ ਪਰਜਾ ਕਿਸੇ ਰਾਹ ਤੋਂ ਜਿਸ ਤੇ ਤੂੰ ਉਨ੍ਹਾਂ ਨੂੰ ਭੇਜੇਂ ਆਪਣੇ ਵੈਰੀ ਨਾਲ ਲੜਨ ਲਈ ਨਿੱਕਲੇ ਅਤੇ ਜੇ ਉਹ ਇਸ ਸ਼ਹਿਰ ਵੱਲ ਜਿਸ ਨੂੰ ਤੂੰ ਚੁਣਿਆ ਹੈ ਅਤੇ ਇਸ ਭਵਨ ਵੱਲ ਜਿਸ ਨੂੰ ਮੈਂ ਤੇਰੇ ਨਾਮ ਲਈ ਬਣਾਇਆ ਹੈ ਤੇਰੇ ਅੱਗੇ ਬੇਨਤੀ ਕਰਨ
35ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਬੇਨਤੀ ਸੁਣ ਕੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ
36ਜੇਕਰ ਉਹ ਤੇਰਾ ਪਾਪ ਕਰਨ ਕਿਉਂ ਜੋ ਕੋਈ ਮਨੁੱਖ ਨਹੀਂ ਜੋ ਪਾਪ ਨਾ ਕਰਦਾ ਹੋਵੇ ਅਤੇ ਤੂੰ ਉਨ੍ਹਾਂ ਤੋਂ ਕ੍ਰੋਧਵਾਨ ਹੋ ਕੇ ਉਨ੍ਹਾਂ ਨੂੰ ਵੈਰੀ ਦੇ ਹਵਾਲੇ ਕਰ ਦੇਵੇਂ ਅਤੇ ਉਹ ਵੈਰੀ ਉਨ੍ਹਾਂ ਨੂੰ ਬੰਦੀ ਬਣਾ ਕੇ ਦੂਰ ਜਾਂ ਨੇੜੇ ਦੇ ਦੇਸ ਵਿੱਚ ਲੈ ਜਾਵੇ

37ਤਦ ਵੀ ਜੇਕਰ ਉਹ ਉਸ ਦੇਸ ਵਿੱਚ ਜਿੱਥੇ ਉਹ ਗ਼ੁਲਾਮੀ ਵਿੱਚ ਹੋਣ ਤੇਰਾ ਧਿਆਨ ਕਰ ਕੇ ਫਿਰਨ ਅਤੇ ਆਪਣੀ ਗ਼ੁਲਾਮੀ ਦੇ ਦੇਸ ਵਿੱਚ ਤੇਰੇ ਅੱਗੇ ਇਹ ਆਖ ਕੇ ਬੇਨਤੀ ਕਰਨ ਕਿ ਅਸੀਂ ਪਾਪ ਕੀਤਾ, ਅਸੀਂ ਅਪਰਾਧ ਕੀਤਾ ਅਤੇ ਅਸੀਂ ਬਦੀ ਕੀਤੀ
38ਸੋ ਜੇ ਉਹ ਉਸ ਗ਼ੁਲਾਮੀ ਦੇ ਦੇਸ ਵਿੱਚੋਂ ਜਿੱਥੇ ਉਹ ਬੰਦੀ ਹੋ ਕੇ ਲਿਆਏ ਗਏ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਤੇਰੀ ਵੱਲ ਮੁੜਨ ਅਤੇ ਆਪਣੇ ਇਸ ਦੇਸ ਵੱਲ ਜੋ ਤੂੰ ਉਨ੍ਹਾਂ ਦੇ ਪੁਰਖਿਆਂ ਨੂੰ ਦਿੱਤਾ ਅਤੇ ਇਸ ਸ਼ਹਿਰ ਵੱਲ ਜੋ ਤੂੰ ਚੁਣਿਆ ਅਤੇ ਇਸ ਭਵਨ ਵੱਲ ਜੋ ਮੈਂ ਤੇਰੇ ਲਈ ਬਣਾਇਆ ਬੇਨਤੀ ਕਰਨ
39ਤਾਂ ਤੂੰ ਆਪਣੇ ਸਵਰਗੀ ਭਵਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਬੇਨਤੀ ਸੁਣ ਲਈਂ ਅਤੇ ਉਨ੍ਹਾਂ ਦੇ ਹੱਕ ਦਾ ਨਿਆਂ ਕਰੀਂ ਅਤੇ ਆਪਣੀ ਪਰਜਾ ਨੂੰ ਜਿਸ ਤੇਰਾ ਪਾਪ ਕੀਤਾ ਹੈ ਮਾਫ਼ ਕਰੀਂ
40ਸੋ ਹੇ ਮੇਰੇ ਪਰਮੇਸ਼ੁਰ, ਹੁਣ ਉਸ ਪ੍ਰਾਰਥਨਾ ਵੱਲ ਜੋ ਇਸ ਸਥਾਨ ਉੱਤੇ ਕੀਤੀ ਜਾਵੇ ਤੇਰੀਆਂ ਅੱਖਾਂ ਖੁੱਲੀਆਂ ਰਹਿਣ ਤੇ ਤੇਰੇ ਕੰਨ ਲੱਗੇ ਰਹਿਣ
41ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੀ ਸ਼ਕਤੀ ਦੇ ਸੰਦੂਕ ਸਣੇ ਉੱਠ ਕੇ ਆਪਣੇ ਵਿਸ਼ਰਾਮ ਸਥਾਨ ਵਿੱਚ ਚੱਲ! ਹੇ ਯਹੋਵਾਹ ਪਰਮੇਸ਼ੁਰ, ਤੇਰੇ ਜਾਜਕ ਸ਼ਕਤੀ ਰੂਪੀ ਲਿਬਾਸ ਪਾਉਣ ਅਤੇ ਤੇਰੇ ਸੰਤ ਜਨ ਤੇਰੀ ਭਲਿਆਈ ਵਿੱਚ ਅਨੰਦ ਹੋਣ l
42ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣਾ ਮੂੰਹ ਆਪਣੇ ਮਸਹ ਕੀਤੇ ਹੋਏ ਤੋਂ ਨਾ ਮੋੜੀਂ। ਤੂੰ ਆਪਣੇ ਦਾਸ ਦਾਊਦ ਉੱਤੇ ਆਪਣੀ ਦਯਾ ਨੂੰ ਚੇਤੇ ਰੱਖੀਂ।