1ਸੱਤਵੇਂ ਮਹੀਨੇ ਦੀ ਇੱਕੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ
2ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਾਕੀ ਲੋਕਾਂ ਨੂੰ ਇਸ ਤਰ੍ਹਾਂ ਆਖ,
3“ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਸ ਨੇ ਇਸ ਭਵਨ ਦੀ ਪਹਿਲੀ ਸ਼ਾਨ ਨੂੰ ਵੇਖਿਆ ਹੈ? ਅਤੇ ਹੁਣ ਤੁਸੀਂ ਕੀ ਵੇਖਦੇ ਹੋ? ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈ?”
4ਪਰ ਹੇ ਜ਼ਰੂੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ ਅਤੇ ਹੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
5ਉਸ ਨੇਮ ਅਨੁਸਾਰ ਜਿਹੜਾ ਮੈਂ ਤੁਹਾਡੇ ਨਾਲ ਮਿਸਰ ਦੇ ਵਿੱਚੋਂ ਨਿੱਕਲਣ ਦੇ ਸਮੇਂ ਬੰਨ੍ਹਿਆ, ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਇਸ ਲਈ ਡਰੋ ਨਾ!
6ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਮੈਂ ਫੇਰ ਅਕਾਸ਼, ਧਰਤੀ ਅਤੇ ਜਲ-ਥਲ ਨੂੰ ਹਿਲਾ ਦਿਆਂਗਾ।
7ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰਿਆਂ ਕੌਮਾਂ ਦੇ ਪਦਾਰਥ ਆਉਣਗੇ ਤਾਂ ਮੈਂ ਇਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
8ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ।
9ਇਸ ਭਵਨ ਦੀ ਪਿਛਲੀ ਸ਼ਾਨ ਪਹਿਲੀ ਨਾਲੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ। ਮੈਂ ਇਸ ਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
10ਦਾਰਾ ਰਾਜਾ ਦੇ ਸ਼ਾਸਨ ਦੇ ਦੂਜੇ ਸਾਲ ਦੇ ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ
11ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਬਿਵਸਥਾ ਦੇ ਬਾਰੇ ਜਾਜਕਾਂ ਤੋਂ ਪੁੱਛ
12ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈਅ, ਤੇਲ ਜਾਂ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੂਹ ਜਾਵੇ, ਤਾਂ ਕੀ, ਉਹ ਚੀਜ਼ ਪਵਿੱਤਰ ਹੋ ਜਾਵੇਗੀ, ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ।
13ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲਾਸ਼ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਇਨ੍ਹਾਂ ਚੀਜ਼ਾਂ ਦੇ ਵਿੱਚੋਂ ਕਿਸੇ ਚੀਜ਼ ਨੂੰ ਛੂਹ ਦੇਵੇ ਤਾਂ ਕੀ ਉਹ ਚੀਜ਼ ਅਸ਼ੁੱਧ ਹੋ ਜਾਵੇਗੀ? ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ।
14ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਇਸ ਪਰਜਾ ਅਤੇ ਇਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਇਸੇ ਤਰ੍ਹਾਂ ਉਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਉਹ ਉੱਥੇ ਚੜ੍ਹਾਉਂਦੇ ਹਨ, ਉਹ ਵੀ ਅਸ਼ੁੱਧ ਹੈ।
15ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ। ਇਸ ਤੋਂ ਪਹਿਲਾਂ ਕਿ ਯਹੋਵਾਹ ਦੀ ਹੈਕਲ ਵਿੱਚ ਪੱਥਰ ਉੱਤੇ ਪੱਥਰ ਰੱਖਿਆ ਗਿਆ।
16ਜਦੋਂ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ, ਤਾਂ ਦਸ ਹੀ ਹੁੰਦੇ ਸਨ। ਜਦ ਕੋਈ ਮੈਅ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਸੀ, ਤਾਂ ਵੀਹ ਹੀ ਹੁੰਦੇ ਸਨ।
17ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ।
18ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ ਚੌਵੀ ਤਾਰੀਖ਼ ਤੋਂ ਜਿਸ ਦਿਨ ਤੋਂ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ, ਸੋਚ ਵਿਚਾਰ ਕਰੋ।
19ਕੀ ਬੀਜ ਅਜੇ ਕੋਠੇ ਵਿੱਚ ਹੈ? ਕੀ ਅੰਗੂਰੀ ਬਾਗ਼, ਹੰਜ਼ੀਰ, ਅਨਾਰ ਅਤੇ ਜ਼ੈਤੂਨ ਦੇ ਦਰੱਖਤ ਅਜੇ ਫਲ ਨਹੀਂ ਦਿੰਦੇ? ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ।
20ਮਹੀਨੇ ਦੀ ਚੌਵੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਕੋਲ ਦੂਜੀ ਵਾਰ ਆਇਆ ਕਿ
21ਯਹੂਦਾਹ ਦੇ ਹਾਕਮ ਜ਼ਰੂੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ,
22ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ, ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ, ਰਥਾਂ ਨੂੰ ਸਵਾਰਾਂ ਸਮੇਤ ਉਲੱਦ ਦਿਆਂਗਾ ਅਤੇ ਘੋੜੇ ਅਤੇ ਉਹਨਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰੇਕ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ ਡਿੱਗ ਪਵੇਗਾ।
23ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੂੱਬਾਬਲ ਸ਼ਅਲਤੀਏਲ ਦੇ ਪੁੱਤਰ, ਮੈਂ ਤੈਨੂੰ ਲਵਾਂਗਾ, ਯਹੋਵਾਹ ਦਾ ਵਾਕ ਹੈ ਅਤੇ ਮੈਂ ਤੈਨੂੰ ਆਪਣੀ ਮੋਹਰ ਦੀ ਅੰਗੂਠੀ ਵਾਂਗੂੰ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।