Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਮਲਾਕੀ

ਮਲਾਕੀ 3

Help us?
Click on verse(s) to share them!
1ਵੇਖੋ, ਮੈਂ ਆਪਣੇ ਦੂਤ ਨੂੰ ਭੇਜਦਾ ਹਾਂ, ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜਿਹ ਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ, ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, - ਵੇਖੋ, ਉਹ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ।
2ਪਰ ਉਸ ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸਕਦਾ ਹੈ ਅਤੇ ਜਦ ਉਹ ਪਰਗਟ ਹੋਵੇਗਾ ਤਦ ਕੌਣ ਖੜ੍ਹਾ ਰਹਿ ਸਕੇਗਾ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ।
3ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ, ਉਹ ਲੇਵੀਆਂ ਨੂੰ ਚਾਂਦੀ ਵਾਂਗੂੰ ਸਾਫ਼ ਕਰੇਗਾ, ਉਹਨਾਂ ਨੂੰ ਸੋਨੇ ਵਾਂਗੂੰ ਅਤੇ ਚਾਂਦੀ ਵਾਂਗੂੰ ਤਾਵੇਗਾ ਅਤੇ ਉਹ ਯਹੋਵਾਹ ਲਈ ਯੋਗ ਭੇਟ ਚੜ੍ਹਾਉਣਗੇ।
4ਤਦ ਯਹੂਦਾਹ ਅਤੇ ਯਰੂਸ਼ਲਮ ਦੀ ਭੇਟ ਯਹੋਵਾਹ ਨੂੰ ਪਸੰਦ ਆਵੇਗੀ, ਜਿਵੇਂ ਪ੍ਰਾਚੀਨ ਦਿਨਾਂ ਵਿੱਚ ਅਤੇ ਜਿਵੇਂ ਪਿੱਛਲਿਆਂ ਸਾਲਾਂ ਵਿੱਚ ਪਸੰਦ ਆਉਂਦੀ ਸੀ।
5ਮੈਂ ਨਿਆਂ ਕਰਨ ਲਈ ਤੁਹਾਡੇ ਨੇੜੇ ਆਵਾਂਗਾ, ਮੈਂ ਚੁਸਤ ਗਵਾਹ ਹੋਵਾਂਗਾ, ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸਹੁੰ ਖਾਣ ਵਾਲਿਆਂ ਦੇ ਵਿਰੁੱਧ, ਮਜ਼ਦੂਰ ਨੂੰ ਮਜ਼ਦੂਰੀ ਲਈ ਦੁੱਖ ਦੇਣ ਵਾਲਿਆਂ ਦੇ ਵਿਰੁੱਧ, ਵਿਧਵਾ ਅਤੇ ਅਨਾਥ ਨੂੰ ਦੁੱਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੇਰੇ ਕੋਲੋਂ ਨਹੀਂ ਡਰਦੇ ਉਨ੍ਹਾਂ ਦੇ ਵਿਰੁੱਧ ਛੇਤੀ ਨਾਲ ਗਵਾਹੀ ਦੇਵਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।
6ਕਿਉਂ ਜੋ ਮੈਂ ਯਹੋਵਾਹ ਅਟੱਲ ਹਾਂ। ਇਸੇ ਕਾਰਨ, ਹੇ ਯਾਕੂਬ ਦੇ ਪੁੱਤਰੋ, ਤੁਸੀਂ ਨਾਸ ਨਹੀਂ ਹੋਏ।
7ਆਪਣੇ ਪੁਰਖਿਆਂ ਦੇ ਦਿਨਾਂ ਤੋਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਆਏ ਹੋ ਅਤੇ ਤੁਸੀਂ ਉਹਨਾਂ ਦੀ ਪਾਲਣਾ ਨਹੀਂ ਕੀਤੀ। ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ, ਪਰ ਤੁਸੀਂ ਆਖਦੇ ਹੋ, ਅਸੀਂ ਕਿਹੜੀ ਗੱਲ ਵਿੱਚ ਮੁੜੀਏ?
8ਕੀ ਕੋਈ ਆਦਮੀ ਪਰਮੇਸ਼ੁਰ ਨੂੰ ਠੱਗੇਗਾ? ਪਰ ਤੁਸੀਂ ਮੈਨੂੰ ਠੱਗ ਲਿਆ ਅਤੇ ਤੁਸੀਂ ਆਖਦੇ ਹੋ, ਕਿਹੜੀ ਗੱਲ ਵਿੱਚ ਅਸੀਂ ਤੈਨੂੰ ਠੱਗ ਲਿਆ? ਦਸਵੰਧਾਂ ਅਤੇ ਭੇਟਾਂ ਵਿੱਚ!
9ਤੁਸੀਂ ਸਰਾਪੀਆਂ ਦੇ ਸਰਾਪੀ ਹੋਏ! ਤੁਸੀਂ ਮੈਨੂੰ ਠੱਗਦੇ ਹੋ, ਸਗੋਂ ਸਾਰੀ ਕੌਮ ਵੀ ਅਜਿਹਾ ਕਰਦੀ ਹੈ।
10ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਖੋ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲਦਾ ਹਾਂ ਕਿ ਨਹੀਂ, ਤਾਂ ਕਿ ਤੁਹਾਡੇ ਲਈ ਬਰਕਤ ਵਰ੍ਹਾਵਾਂ ਇੱਥੋਂ ਤੱਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!
11ਮੈਂ ਤੁਹਾਡੇ ਲਈ ਖਾਣ ਵਾਲੇ ਨੂੰ ਝਿੜਕਾਂਗਾ ਕਿ ਉਹ ਤੁਹਾਡੀ ਜ਼ਮੀਨ ਦੇ ਫਲਾਂ ਨੂੰ ਨਾਸ ਨਾ ਕਰੇ ਅਤੇ ਤੁਹਾਡੇ ਅੰਗੂਰੀ ਪੈਲੀ ਵਿੱਚ ਸਮੇਂ ਤੋਂ ਪਹਿਲਾਂ ਫਲ ਨਾ ਡਿੱਗਣਗੇ, ਸੈਨਾਂ ਦਾ ਯਹੋਵਾਹ ਆਖਦਾ ਹਾਂ।
12ਤਦ ਸਾਰੀਆਂ ਕੌਮਾਂ ਤੁਹਾਨੂੰ ਧੰਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ ਹੋਵੋਗੇ, ਸੈਨਾਂ ਦਾ ਯਹੋਵਾਹ ਆਖਦਾ ਹੈ
13ਤੁਹਾਡੀਆਂ ਗੱਲਾਂ ਮੇਰੇ ਵਿਰੁੱਧ ਕਰੜੀਆਂ ਹਨ, ਯਹੋਵਾਹ ਆਖਦਾ ਹੈ, ਤਦ ਵੀ ਤੁਸੀਂ ਆਖਦੇ ਹੋ, ਤੇਰੇ ਵਿਰੁੱਧ ਸਾਡੇ ਕੋਲੋਂ ਕੀ ਬੋਲਿਆ ਗਿਆ?
14ਤੁਸੀਂ ਆਖਿਆ, ਪਰਮੇਸ਼ੁਰ ਦੀ ਸੇਵਾ ਵਿਅਰਥ ਹੈ ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸੈਨਾਂ ਦੇ ਯਹੋਵਾਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ?
15ਹੁਣ ਤਾਂ ਅਸੀਂ ਆਕੜਬਾਜ਼ਾਂ ਨੂੰ ਧੰਨ ਆਖਦੇ ਹਾਂ ਅਤੇ ਦੁਸ਼ਟ ਸਫ਼ਲ ਹੀ ਹੁੰਦੇ ਹਨ। ਉਹ ਪਰਮੇਸ਼ੁਰ ਨੂੰ ਪਰਤਾ ਕੇ ਵੀ ਛੁਟਕਾਰਾ ਪਾਉਂਦੇ ਹਨ।
16ਤਦ ਯਹੋਵਾਹ ਦਾ ਭੈਅ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।
17ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖ਼ਾਸ ਮਲਕੀਅਤ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ।
18ਤਦ ਤੁਸੀਂ ਮੁੜੋਗੇ ਅਤੇ ਧਰਮੀ ਅਤੇ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।