Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੂਕਾ - ਲੂਕਾ 9

ਲੂਕਾ 9:16-37

Help us?
Click on verse(s) to share them!
16ਉਸ ਨੇ ਉਹਨਾਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲਿਆ ਅਤੇ ਉਤਾਂਹ ਸਵਰਗ ਵੱਲ ਵੇਖ ਕੇ ਉਹਨਾਂ ਉੱਤੇ ਬਰਕਤ ਮੰਗੀ ਅਤੇ ਉਹ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਜੋ ਲੋਕਾਂ ਅੱਗੇ ਰੱਖਣ।
17ਜਦ ਉਹ ਸਾਰੇ ਖਾ ਕੇ ਰੱਜ ਗਏ ਅਤੇ ਉਹਨਾਂ ਦਿਆਂ ਬਚਿਆਂ ਹੋਇਆਂ ਟੁੱਕੜਿਆਂ ਦੀਆਂ ਬਾਰਾਂ ਟੋਕਰੀਆਂ ਭਰ ਕੇ ਚੁੱਕੀਆਂ ਗਈਆਂ।
18ਫੇਰ ਇਸ ਪ੍ਰਕਾਰ ਹੋਇਆ ਕਿ ਜਦ ਯਿਸੂ ਇਕਾਂਤ ਵਿੱਚ ਆਪਣੇ ਚੇਲਿਆਂ ਨਾਲ ਪ੍ਰਾਰਥਨਾ ਕਰਦਾ ਸੀ। ਉਸ ਨੇ ਇਹ ਗੱਲ ਉਹਨਾਂ ਤੋਂ ਪੁੱਛੀ ਕਿ ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?
19ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਕੁਝ ਲੋਕ ਯੂਹੰਨਾ ਬਪਤਿਸਮਾ ਦੇਣ ਵਾਲਾ, ਕਈ ਏਲੀਯਾਹ ਅਤੇ ਕਈ ਪਹਿਲਿਆਂ ਨਬੀਆਂ ਵਿੱਚੋਂ ਜ਼ਿੰਦਾ ਹੋਇਆ ਨਬੀ।
20ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, ਪਰ ਤੁਸੀਂ ਕੀ ਆਖਦੇ ਹੋ ਜੋ ਮੈਂ ਕੌਣ ਹਾਂ? ਪਤਰਸ ਨੇ ਉੱਤਰ ਦਿੱਤਾ ਕਿ ਪਰਮੇਸ਼ੁਰ ਦੇ ਮਸੀਹ!
21ਤਾਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਜੋ ਕਿਸੇ ਨੂੰ ਨਾ ਦੱਸਿਓ!
22ਤਦ ਯਿਸੂ ਨੇ ਉਹਨਾਂ ਨੂੰ ਆਖਿਆ ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਦੁਆਰਾ ਰੱਦਿਆ ਜਾਏ ਅਤੇ ਮਾਰ ਸੁੱਟਿਆ ਜਾਏ ਅਤੇ ਤੀਜੇ ਦਿਨ ਜੀ ਉੱਠੇ।
23ਉਸ ਨੇ ਸਭਨਾਂ ਨੂੰ ਆਖਿਆ ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।
24ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।
25ਆਦਮੀ ਨੂੰ ਕੀ ਲਾਭ ਹੈ ਜੇ ਸਾਰਾ ਸੰਸਾਰ ਕਮਾਵੇ ਪਰ ਆਪਣੀ ਜਾਨ ਦਾ ਨਾਸ ਕਰੇ ਜਾਂ ਆਪ ਨੂੰ ਗੁਆਵੇ?
26ਜੋ ਕੋਈ ਮੇਰੇ ਕੋਲੋਂ ਅਤੇ ਮੇਰਿਆਂ ਬਚਨਾਂ ਤੋਂ ਸ਼ਰਮਾਏਗਾ ਤਾਂ ਮਨੁੱਖ ਦਾ ਪੁੱਤਰ ਵੀ, ਜਿਸ ਵੇਲੇ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੀ ਮਹਿਮਾ ਨਾਲ ਆਵੇਗਾ ਤਾਂ ਉਸ ਤੋਂ ਸ਼ਰਮਾਏਗਾl
27ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਕਈ ਇਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ, ਜਦ ਤੱਕ ਪਰਮੇਸ਼ੁਰ ਦੇ ਰਾਜ ਨੂੰ ਨਾ ਵੇਖਣ, ਮੌਤ ਦਾ ਸੁਆਦ ਨਹੀਂ ਚੱਖਣਗੇ।
28ਇਨ੍ਹਾਂ ਗੱਲਾਂ ਦੇ ਅੱਠ ਕੁ ਦਿਨਾਂ ਦੇ ਬਾਅਦ ਇਸ ਤਰ੍ਹਾਂ ਹੋਇਆ ਜੋ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚੜ੍ਹਿਆ।
29ਅਤੇ ਉਸ ਦੇ ਪ੍ਰਾਰਥਨਾ ਕਰਦਿਆਂ ਉਸ ਦਾ ਚਿਹਰਾ ਬਦਲ ਗਿਆ ਅਤੇ ਉਸ ਦੀ ਪੁਸ਼ਾਕ ਚਿੱਟੀ ਅਤੇ ਚਮਕਣ ਲੱਗੀ।
30ਅਤੇ ਵੇਖੋ, ਦੋ ਮਨੁੱਖ ਅਰਥਾਤ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਸਨ।
31ਉਹ ਮਹਿਮਾ ਨਾਲ ਭਰਪੂਰ ਸਨ ਅਤੇ ਉਸ ਦੇ ਕੂਚ ਦੀਆਂ ਗੱਲਾਂ ਕਰਦੇ ਸਨ ਜੋ ਉਸ ਨੇ ਯਰੂਸ਼ਲਮ ਵਿੱਚ ਸੰਪੂਰਨ ਕਰਨਾ ਸੀ।
32ਪਤਰਸ ਅਤੇ ਉਸ ਦੇ ਸਾਥੀ ਨੀਂਦਰ ਨਾਲ ਭਰੇ ਹੋਏ ਸਨ ਅਤੇ ਜਦ ਉਹ ਜਾਗੇ ਤਾਂ ਉਸ ਦੇ ਤੇਜ ਨੂੰ ਅਤੇ ਉਨ੍ਹਾਂ ਦੋਨਾਂ ਜਣਿਆਂ ਨੂੰ ਜਿਹੜੇ ਉਸ ਦੇ ਨਾਲ ਖੜੇ ਸਨ, ਵੇਖਿਆ।
33ਅਤੇ ਇਹ ਹੋਇਆ ਕਿ ਜਦ ਉਹ ਉਸ ਦੇ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਆਖਿਆ, ਸੁਆਮੀ ਜੀ ਸਾਡਾ ਐਥੇ ਰਹਿਣਾ ਚੰਗਾ ਹੈ ਸੋ ਅਸੀਂ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ, ਪਰ ਉਹ ਨਹੀਂ ਸੀ ਜਾਣਦਾ ਜੋ ਕੀ ਕਹਿੰਦਾ ਹੈ।
34ਉਹ ਇਹ ਗੱਲ ਕਰ ਹੀ ਰਿਹਾ ਹੀ ਸੀ ਕਿ ਬੱਦਲ ਨੇ ਆਣ ਕੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਹ ਬੱਦਲ ਵਿੱਚ ਵੜਦੇ ਹੀ ਡਰ ਗਏ।
35ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ ਕਿ ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਉਹ ਦੀ ਸੁਣੋ।
36ਅਤੇ ਇਹ ਅਵਾਜ਼ ਹੁੰਦੇ ਹੀ ਯਿਸੂ ਇਕੱਲਾ ਪਾਇਆ ਗਿਆ ਅਤੇ ਉਹ ਚੁੱਪ ਰਹੇ ਅਤੇ ਜਿਹੜੀਆਂ ਗੱਲਾਂ ਵੇਖੀਆਂ ਸਨ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਕੁਝ ਨਾ ਦੱਸਿਆ।
37ਅਗਲੇ ਦਿਨ ਇਹ ਹੋਇਆ ਕਿ ਜਦ ਉਹ ਪਹਾੜੋਂ ਉਤਰੇ ਤਾਂ ਵੱਡੀ ਭੀੜ ਉਨ੍ਹਾਂ ਨੂੰ ਆ ਮਿਲੀ।

Read ਲੂਕਾ 9ਲੂਕਾ 9
Compare ਲੂਕਾ 9:16-37ਲੂਕਾ 9:16-37