1ਆਮੋਸ ਦੇ ਪੁੱਤਰ ਯਸਾਯਾਹ ਦਾ ਦਰਸ਼ਣ, ਜਿਹੜਾ ਉਸ ਨੇ ਯਹੂਦਾਹ ਦੇ ਰਾਜਿਆਂ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਸ਼ਾਸਨ ਦਿਨਾਂ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ।
2ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਪਰ ਉਹ ਮੇਰੇ ਵਿਰੁੱਧ ਹੋ ਗਏ।
3ਬਲ਼ਦ ਆਪਣੇ ਮਾਲਕ ਨੂੰ, ਅਤੇ ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ
4ਹਾਏ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਣਿਆ, ਉਹ ਪੂਰੀ ਤਰ੍ਹਾਂ ਹੀ ਬੇਮੁੱਖ ਹੋ ਗਏ।
5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ, ਤੁਸੀਂ ਕਿਉਂ ਵਿਦਰੋਹ ਕਰਨ ਤੇ ਅੜੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮਾਂ ਨਾਲ ਅਤੇ ਤੁਹਾਡਾ ਸਾਰਾ ਦਿਲ ਪੀੜ੍ਹਿਤ ਹੈ।
6ਪੈਰ ਦੀ ਤਲੀ ਤੋਂ ਸਿਰ ਤੱਕ ਉਸ ਵਿੱਚ ਤੰਦਰੁਸਤੀ ਨਹੀਂ, ਸਿਰਫ਼ ਸੱਟ, ਚੋਟ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।
7ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।
8ਸੀਯੋਨ ਦੀ ਧੀ ਅਰਥਾਤ ਯਰੂਸ਼ਲਮ ਨਗਰੀ ਅੰਗੂਰੀ ਬਾਗ਼ ਦੇ ਛੱਪਰ ਵਾਂਗੂੰ ਛੱਡੀ ਗਈ, ਕਕੜੀਆਂ ਦੇ ਖੇਤ ਦੀ ਝੌਂਪੜੀ ਵਾਂਗੂੰ, ਜਾਂ ਘੇਰੇ ਹੋਏ ਨਗਰ ਵਾਂਗੂੰ ਇਕੱਲੀ ਖੜ੍ਹੀ ਹੈ।
9ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਤਾਂ ਅਸੀਂ ਸਦੂਮ ਅਤੇ ਅਮੂਰਾਹ ਸ਼ਹਿਰ ਜਿਹੇ ਹੋ ਜਾਂਦੇ।