Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੇਵੀਆਂ

ਲੇਵੀਆਂ 21

Help us?
Click on verse(s) to share them!
1ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦੇ ਪੁੱਤਰਾਂ ਨਾਲ ਜੋ ਜਾਜਕ ਹਨ, ਗੱਲ ਕਰ ਕੇ ਆਖ, ਕੋਈ ਵੀ ਜਾਜਕ ਆਪਣੇ ਲੋਕਾਂ ਵਿੱਚੋਂ ਕਿਸੇ ਵੀ ਮਰੇ ਹੋਏ ਦੇ ਲਈ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ,
2ਪਰ ਸਿਰਫ਼ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਰਥਾਤ ਆਪਣੀ ਮਾਂ, ਆਪਣੇ ਪਿਤਾ, ਆਪਣੇ ਪੁੱਤਰ, ਆਪਣੀ ਧੀ, ਆਪਣੇ ਭਰਾ,
3ਅਤੇ ਆਪਣੀ ਕੁਆਰੀ ਭੈਣ ਦੇ ਲਈ, ਜੋ ਉਸ ਦੀ ਨਜ਼ਦੀਕੀ ਰਿਸ਼ਤੇਦਾਰ ਹੈ ਅਤੇ ਉਸਦਾ ਵਿਆਹ ਨਾ ਹੋਇਆ ਹੋਵੇ ਤਾਂ ਇਨ੍ਹਾਂ ਦੇ ਲਈ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ।
4ਉਹ ਆਪਣੇ ਲੋਕਾਂ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਨਾ ਕਰੇ ਕਿ ਉਹ ਅਪਵਿੱਤਰ ਹੋ ਜਾਵੇ।
5ਉਹ ਆਪਣੇ ਸਿਰ ਨਾ ਮੁਨਾਉਣ, ਨਾ ਆਪਣੀ ਦਾੜ੍ਹੀ ਦੇ ਸਿਰੇ ਮੁਨਾਉਣ ਅਤੇ ਨਾ ਹੀ ਆਪਣੇ ਸਰੀਰਾਂ ਨੂੰ ਚੀਰੇ ਲਗਵਾਉਣ।
6ਉਹ ਆਪਣੇ ਪਰਮੇਸ਼ੁਰ ਅੱਗੇ ਪਵਿੱਤਰ ਹੋਣ ਅਤੇ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਨਾ ਕਰਨ ਕਿਉਂ ਜੋ ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਅਤੇ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦੇ ਹਨ, ਇਸ ਲਈ ਉਹ ਪਵਿੱਤਰ ਰਹਿਣ।
7ਉਹ ਕਿਸੇ ਵੇਸਵਾ ਜਾਂ ਭਰਿਸ਼ਟ ਇਸਤਰੀ ਨਾਲ ਵਿਆਹ ਨਾ ਕਰਨ, ਨਾ ਹੀ ਉਹ ਆਪਣੇ ਪਤੀ ਵੱਲੋਂ ਤਿਆਗੀ ਹੋਈ ਕਿਸੇ ਇਸਤਰੀ ਨੂੰ ਵਿਆਹੁਣ, ਕਿਉਂ ਜੋ ਉਹ ਆਪਣੇ ਪਰਮੇਸ਼ੁਰ ਦੇ ਅੱਗੇ ਪਵਿੱਤਰ ਹਨ।
8ਇਸ ਲਈ ਤੂੰ ਉਸ ਨੂੰ ਪਵਿੱਤਰ ਕਰੀਂ, ਕਿਉਂ ਜੋ ਉਹ ਤੇਰੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਂਦਾ ਹੈ। ਤੂੰ ਉਸ ਨੂੰ ਪਵਿੱਤਰ ਜਾਣੀ ਕਿਉਂ ਜੋ ਮੈਂ ਯਹੋਵਾਹ ਪਵਿੱਤਰ ਹਾਂ, ਜੋ ਤੁਹਾਨੂੰ ਪਵਿੱਤਰ ਕਰਦਾ ਹਾਂ।
9ਜੇਕਰ ਕਿਸੇ ਜਾਜਕ ਦੀ ਧੀ ਵੇਸਵਾ ਬਣ ਕੇ ਆਪਣੇ ਆਪ ਨੂੰ ਭਰਿਸ਼ਟ ਕਰੇ ਤਾਂ ਉਹ ਆਪਣੇ ਪਿਤਾ ਨੂੰ ਬਦਨਾਮ ਕਰਦੀ ਹੈ, ਇਸ ਲਈ ਉਹ ਅੱਗ ਨਾਲ ਸਾੜੀ ਜਾਵੇ।
10ਉਹ ਜੋ ਆਪਣੇ ਭਰਾਵਾਂ ਵਿੱਚ ਪ੍ਰਧਾਨ ਜਾਜਕ ਹੈ, ਜਿਸ ਦੇ ਸਿਰ ਉੱਤੇ ਮਸਹ ਕਰਨ ਦਾ ਤੇਲ ਪਾਇਆ ਗਿਆ ਹੈ ਅਤੇ ਜੋ ਪਵਿੱਤਰ ਬਸਤਰ ਪਾਉਣ ਲਈ ਥਾਪਿਆ ਹੈ, ਉਹ ਆਪਣਾ ਸਿਰ ਨੰਗਾ ਨਾ ਕਰੇ ਅਤੇ ਨਾ ਹੀ ਆਪਣੇ ਬਸਤਰ ਪਾੜੇ।
11ਉਹ ਕਿਸੇ ਲਾਸ਼ ਦੇ ਕੋਲ ਨਾ ਜਾਵੇ ਅਤੇ ਨਾ ਹੀ ਆਪਣੇ ਪਿਤਾ ਜਾਂ ਆਪਣੀ ਮਾਤਾ ਦੇ ਕਾਰਨ ਆਪਣੇ ਆਪ ਨੂੰ ਅਸ਼ੁੱਧ ਕਰੇ।
12ਉਹ ਪਵਿੱਤਰ ਸਥਾਨ ਤੋਂ ਬਾਹਰ ਨਾ ਨਿੱਕਲੇ ਅਤੇ ਨਾ ਆਪਣੇ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਭਰਿਸ਼ਟ ਕਰੇ, ਕਿਉਂ ਜੋ ਉਸ ਦੇ ਸਿਰ ਉੱਤੇ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਤੇਲ ਦਾ ਮੁਕਟ ਹੈ। ਮੈਂ ਯਹੋਵਾਹ ਹਾਂ।
13ਉਹ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ।
14ਉਹ ਕਿਸੇ ਵਿਧਵਾ, ਜਾਂ ਛੱਡੀ ਹੋਈ, ਜਾਂ ਭਰਿਸ਼ਟ ਜਾਂ ਵੇਸਵਾ ਇਸਤਰੀ ਨਾਲ ਵਿਆਹ ਨਾ ਕਰੇ, ਪਰ ਉਹ ਆਪਣੇ ਲੋਕਾਂ ਵਿੱਚੋਂ ਇੱਕ ਕੁਆਰੀ ਇਸਤਰੀ ਨਾਲ ਹੀ ਵਿਆਹ ਕਰੇ।
15ਉਹ ਆਪਣੇ ਲੋਕਾਂ ਵਿੱਚ, ਆਪਣੇ ਵੰਸ਼ ਨੂੰ ਭਰਿਸ਼ਟ ਨਾ ਕਰੇ, ਕਿਉਂ ਜੋ ਮੈਂ ਯਹੋਵਾਹ ਉਸ ਨੂੰ ਪਵਿੱਤਰ ਠਹਿਰਾਉਂਦਾ ਹਾਂ।
16ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
17ਹਾਰੂਨ ਨੂੰ ਆਖ, ਤੇਰੀ ਵੰਸ਼ ਵਿੱਚ ਪੀੜ੍ਹੀਓਂ ਪੀੜ੍ਹੀ ਤੱਕ ਜਿਸ ਕਿਸੇ ਵਿੱਚ ਕੋਈ ਦੋਸ਼ ਹੋਵੇ, ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਜਾਵੇ।
18ਕੋਈ ਵੀ ਮਨੁੱਖ ਜਿਸ ਵਿੱਚ ਕੋਈ ਵੀ ਦੋਸ਼ ਹੋਵੇ, ਭਾਵੇਂ ਅੰਨ੍ਹਾ, ਭਾਵੇਂ ਲੰਗੜਾ, ਭਾਵੇਂ ਜਿਸ ਦਾ ਨੱਕ ਫੀਨਾ ਹੋਵੇ, ਜਾਂ ਜਿਸ ਦੀ ਲੱਤ ਲੰਮੀ ਹੋਵੇ,

19ਜਾਂ ਉਸਦਾ ਪੈਰ ਜਾਂ ਹੱਥ ਟੁੱਟਿਆ ਹੋਇਆ ਹੋਵੇ,
20ਜਾਂ ਕੁੱਬਾ, ਜਾਂ ਮਧਰਾ ਜਾਂ ਭੈਂਗਾ ਜਾਂ ਜਿਸ ਨੂੰ ਦਾਦ ਜਾਂ ਖੁਜਲੀ ਹੋਵੇ ਜਾਂ ਜਿਸ ਦੇ ਨਲ ਕੁਚਲੇ ਹੋਏ ਹੋਣ, ਉਹ ਨਜ਼ਦੀਕ ਨਾ ਜਾਵੇ।
21ਹਾਰੂਨ ਜਾਜਕ ਦੇ ਵੰਸ਼ ਵਿੱਚੋਂ ਜਿਸ ਕਿਸੇ ਮਨੁੱਖ ਵਿੱਚ ਕੋਈ ਦੋਸ਼ ਹੋਵੇ, ਉਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਦੇ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ। ਕਿਉਂ ਜੋ ਉਸ ਵਿੱਚ ਦੋਸ਼ ਹੈ, ਇਸ ਲਈ ਉਹ ਆਪਣੇ ਪਰਮੇਸ਼ੁਰ ਦੀ ਰੋਟੀ ਚੜ੍ਹਾਉਣ ਲਈ ਨਜ਼ਦੀਕ ਨਾ ਆਵੇ।
22ਉਹ ਆਪਣੇ ਪਰਮੇਸ਼ੁਰ ਦੀ ਅੱਤ ਪਵਿੱਤਰ ਅਤੇ ਪਵਿੱਤਰ ਰੋਟੀ ਵਿੱਚੋਂ ਖਾਵੇ,
23ਪਰ ਉਹ ਪਰਦੇ ਦੇ ਅੰਦਰ ਨਾ ਜਾਵੇ ਅਤੇ ਨਾ ਹੀ ਜਗਵੇਦੀ ਦੇ ਨਜ਼ਦੀਕ ਜਾਵੇ ਕਿਉਂ ਜੋ ਉਸ ਵਿੱਚ ਦੋਸ਼ ਹੈ, ਅਜਿਹਾ ਨਾ ਹੋਵੇ ਕਿ ਉਹ ਮੇਰੇ ਪਵਿੱਤਰ ਸਥਾਨਾਂ ਨੂੰ ਭਰਿਸ਼ਟ ਕਰੇ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਠਹਿਰਾਉਂਦਾ ਹਾਂ।
24ਇਸ ਲਈ ਮੂਸਾ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਘਰਾਣਿਆਂ ਨੂੰ ਇਹ ਗੱਲਾਂ ਦੱਸੀਆਂ।