1ਤਦ ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ, ਤੁਸੀਂ ਪਵਿੱਤਰ ਬਣੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤਰ ਹਾਂ।
3ਤੁਸੀਂ ਆਪਣੇ-ਆਪਣੇ ਮਾਤਾ ਅਤੇ ਪਿਤਾ ਦਾ ਆਦਰ ਕਰਨਾ। ਤੁਸੀਂ ਮੇਰੇ ਸਬਤਾਂ ਨੂੰ ਮੰਨਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
4ਤੁਸੀਂ ਮੂਰਤਾਂ ਵੱਲ ਨਾ ਮੁੜਨਾ ਅਤੇ ਨਾ ਹੀ ਆਪਣੇ ਲਈ ਮੂਰਤਾਂ ਢਾਲ਼ ਕੇ ਬਣਾਉਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
5ਜਦ ਤੁਸੀਂ ਯਹੋਵਾਹ ਦੇ ਅੱਗੇ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸੀਂ ਅਜਿਹੀ ਭੇਟ ਚੜ੍ਹਾਉਣਾ ਜਿਸ ਨੂੰ ਮੈਂ ਸਵੀਕਾਰ ਕਰਾਂ।
6ਜਿਸ ਦਿਨ ਤੁਸੀਂ ਬਲੀ ਚੜ੍ਹਾਓ, ਉਸ ਦਾ ਮਾਸ ਉਸੇ ਦਿਨ ਅਤੇ ਦੂਜੇ ਦਿਨ ਵੀ ਖਾਓ ਪਰ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।
7ਜੇਕਰ ਉਸ ਵਿੱਚੋਂ ਕੁਝ ਤੀਜੇ ਦਿਨ ਵੀ ਖਾਧਾ ਜਾਵੇ ਤਾਂ ਉਹ ਘਿਣਾਉਣਾ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
8ਇਸ ਲਈ ਜਿਹੜਾ ਉਸ ਨੂੰ ਖਾਵੇ, ਉਸ ਦਾ ਦੋਸ਼ ਉਸ ਦੇ ਜੁੰਮੇ ਹੋਵੇਗਾ, ਕਿਉਂ ਜੋ ਉਸ ਨੇ ਯਹੋਵਾਹ ਦੀ ਪਵਿੱਤਰ ਵਸਤੂ ਨੂੰ ਭਰਿਸ਼ਟ ਕੀਤਾ ਹੈ, ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
9ਫੇਰ ਜਦ ਤੁਸੀਂ ਆਪਣੇ ਦੇਸ ਦੇ ਖੇਤਾਂ ਦੀ ਵਾਢੀ ਕਰੋ ਤਾਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੱਕ ਪੂਰੀ ਫ਼ਸਲ ਨਾ ਵੱਢਣਾ ਅਤੇ ਵਾਢੀ ਕੀਤੇ ਹੋਏ ਖੇਤ ਵਿੱਚ ਡਿੱਗੇ ਹੋਏ ਸਿੱਟਿਆਂ ਨੂੰ ਨਾ ਚੁੱਗਣਾ।
10ਅਤੇ ਤੂੰ ਆਪਣੇ ਦਾਖਾਂ ਦੇ ਬਾਗ਼ਾਂ ਦਾ ਹਰੇਕ ਦਾਣਾ ਨਾ ਤੋੜੀਂ, ਅਤੇ ਆਪਣੇ ਦਾਖਾਂ ਦੇ ਬਾਗ਼ਾਂ ਵਿੱਚ ਡਿੱਗੇ ਹੋਏ ਅੰਗੂਰਾਂ ਨੂੰ ਨਾ ਚੁੱਕੀਂ, ਤੂੰ ਉਨ੍ਹਾਂ ਨੂੰ ਕੰਗਾਲ ਅਤੇ ਪਰਦੇਸੀਆਂ ਲਈ ਛੱਡ ਦੇਵੀਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
11ਤੁਸੀਂ ਚੋਰੀ ਨਾ ਕਰਨਾ, ਨਾ ਛਲ ਕਰਨਾ ਅਤੇ ਨਾ ਆਪਸ ਵਿੱਚ ਝੂਠ ਬੋਲਣਾ।
12ਤੁਸੀਂ ਮੇਰਾ ਨਾਮ ਲੈ ਕੇ ਝੂਠੀ ਸਹੁੰ ਨਾ ਚੁੱਕਣਾ ਅਤੇ ਨਾ ਆਪਣੇ ਪਰਮੇਸ਼ੁਰ ਦਾ ਨਾਮ ਬਦਨਾਮ ਕਰਨਾ। ਮੈਂ ਯਹੋਵਾਹ ਹਾਂ।
13ਤੂੰ ਆਪਣੇ ਗੁਆਂਢੀ ਨਾਲ ਛੱਲ ਨਾ ਕਰੀਂ ਅਤੇ ਨਾ ਹੀ ਉਸ ਨੂੰ ਲੁੱਟੀਂ। ਮਜ਼ਦੂਰ ਦੀ ਮਜ਼ਦੂਰੀ ਤੇਰੇ ਕੋਲ ਸਾਰੀ ਰਾਤ ਸਵੇਰੇ ਤੱਕ ਨਾ ਰਹੇ।
14ਤੂੰ ਬਹਿਰੇ ਨੂੰ ਗਾਲਾਂ ਨਾ ਕੱਢੀ ਅਤੇ ਨਾ ਅੰਨ੍ਹੇ ਨੂੰ ਠੋਕਰ ਖਿਲਾਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। ਮੈਂ ਯਹੋਵਾਹ ਹਾਂ।
15ਤੁਸੀਂ ਨਿਆਂ ਵਿੱਚ ਕੋਈ ਅਨਿਆਂ ਨਾ ਕਰਨਾ ਅਤੇ ਨਾ ਕੰਗਾਲ ਨਾਲ ਪੱਖਪਾਤ ਕਰੀਂ ਅਤੇ ਨਾ ਹੀ ਵੱਡੇ ਲੋਕਾਂ ਦਾ ਲਿਹਾਜ਼ ਕਰੀਂ, ਪਰ ਤੂੰ ਸਚਿਆਈ ਨਾਲ ਆਪਣੇ ਗੁਆਂਢੀ ਦਾ ਨਿਆਂ ਕਰੀਂ।
16ਤੂੰ ਆਪਣੇ ਲੋਕਾਂ ਵਿੱਚ ਚੁਗਲਖ਼ੋਰੀ ਕਰਦਾ ਹੋਇਆ ਨਾ ਫਿਰੀਂ। ਤੂੰ ਆਪਣੇ ਗੁਆਂਢੀ ਦਾ ਖੂਨ ਵਹਾਉਣ ਦੀ ਯੋਜਨਾ ਨਾ ਬਣਾਵੀਂ। ਮੈਂ ਯਹੋਵਾਹ ਹਾਂ।
17ਤੂੰ ਆਪਣੇ ਮਨ ਵਿੱਚ ਆਪਣੇ ਭਰਾ ਨਾਲ ਵੈਰ ਨਾ ਰੱਖੀਂ। ਤੂੰ ਜ਼ਰੂਰ ਹੀ ਆਪਣੇ ਗੁਆਂਢੀ ਦੀ ਤਾੜਨਾ ਕਰੀਂ, ਨਹੀਂ ਤਾਂ ਉਸ ਦਾ ਦੋਸ਼ ਤੇਰੇ ਜੁੰਮੇ ਹੋਵੇਗਾ।
18ਤੂੰ ਬਦਲਾ ਨਾ ਲਵੀਂ, ਨਾ ਹੀ ਆਪਣੇ ਲੋਕਾਂ ਦੇ ਪਰਿਵਾਰਾਂ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੀਂ। ਮੈਂ ਯਹੋਵਾਹ ਹਾਂ।
19ਤੁਸੀਂ ਮੇਰੀਆਂ ਬਿਧੀਆਂ ਨੂੰ ਮੰਨਣਾ। ਤੂੰ ਆਪਣੇ ਪਸ਼ੂਆਂ ਨੂੰ ਕਿਸੇ ਵੱਖਰੀ ਪ੍ਰਜਾਤੀ ਦੇ ਪਸ਼ੂਆਂ ਨਾਲ ਨਾ ਮਿਲਾਵੀਂ। ਤੂੰ ਆਪਣੇ ਖੇਤ ਵਿੱਚ ਦੋ ਪ੍ਰਕਾਰ ਦਾ ਬੀਜ ਨਾ ਬੀਜੀਂ ਅਤੇ ਕਤਾਨ ਅਤੇ ਉੱਨ ਦਾ ਬਣਿਆ ਹੋਇਆ ਕੱਪੜਾ ਨਾ ਪਾਵੀਂ।
20ਫੇਰ ਕੋਈ ਇਸਤਰੀ ਜੋ ਦਾਸੀ ਹੋਵੇ ਅਤੇ ਉਸ ਦੀ ਮੰਗਣੀ ਕਿਸੇ ਪੁਰਖ ਨਾਲ ਹੋ ਗਈ ਹੋਵੇ, ਪਰ ਉਹ ਨਾ ਤਾਂ ਛੱਡੀ ਗਈ ਅਤੇ ਨਾ ਹੀ ਅਜ਼ਾਦ ਕੀਤੀ ਗਈ ਹੋਵੇ, ਤਾਂ ਜੇਕਰ ਕੋਈ ਉਸ ਦੇ ਨਾਲ ਸੰਗ ਕਰੇ ਤਾਂ ਉਨ੍ਹਾਂ ਨੂੰ ਬੈਤਾਂ ਨਾਲ ਮਾਰਿਆ ਜਾਵੇ ਪਰ ਉਨ੍ਹਾਂ ਨੂੰ ਜਾਨ ਤੋਂ ਨਾ ਮਾਰਿਆ ਜਾਵੇ, ਕਿਉਂ ਜੋ ਉਹ ਅਜ਼ਾਦ ਨਹੀਂ ਸੀ।
21ਉਹ ਪੁਰਖ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕ ਭੇਡੂ ਦੋਸ਼ ਬਲੀ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲੈ ਆਵੇ,
22ਅਤੇ ਜਾਜਕ ਉਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ, ਦੋਸ਼ ਬਲੀ ਦੀ ਭੇਟ ਦੇ ਭੇਡੂ ਨੂੰ ਲੈ ਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਪ੍ਰਾਸਚਿਤ ਕਰੇ, ਤਦ ਉਹ ਪਾਪ ਜੋ ਉਸ ਨੇ ਕੀਤਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ।
23ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਅਤੇ ਭਾਂਤ-ਭਾਂਤ ਦੇ ਫਲਾਂ ਦੇ ਰੁੱਖ ਖਾਣ ਦੇ ਲਈ ਲਗਾਓ ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।
24ਪਰ ਚੌਥੇ ਸਾਲ ਵਿੱਚ ਉਨ੍ਹਾਂ ਦਾ ਸਾਰਾ ਫਲ ਯਹੋਵਾਹ ਦੀ ਉਸਤਤ ਕਰਨ ਲਈ ਪਵਿੱਤਰ ਠਹਿਰੇ।
25ਪੰਜਵੇਂ ਸਾਲ ਵਿੱਚ ਤੁਸੀਂ ਉਨ੍ਹਾਂ ਦੇ ਫਲ ਖਾਣਾ ਤਾਂ ਜੋ ਤੁਹਾਨੂੰ ਉਨ੍ਹਾਂ ਤੋਂ ਬਹੁਤ ਫਲ ਮਿਲੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26ਤੁਸੀਂ ਲਹੂ ਦੇ ਸਮੇਤ ਮਾਸ ਨੂੰ ਨਾ ਖਾਣਾ, ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।
27ਤੁਸੀਂ ਆਪਣੇ ਸਿਰ ਦੇ ਸਿਰਿਆਂ ਨੂੰ ਨਾ ਮੁਨਾਉਣਾ, ਨਾ ਹੀ ਆਪਣੀ ਦਾੜ੍ਹੀ ਦੇ ਸਿਰਿਆਂ ਨੂੰ ਵਿਗਾੜਨਾ।
28ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਬਣਵਾਉਣਾ। ਮੈਂ ਯਹੋਵਾਹ ਹਾਂ।
29ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਭਰਿਸ਼ਟ ਨਾ ਕਰਨਾ, ਅਜਿਹਾ ਨਾ ਹੋਵੇ ਕਿ ਧਰਤੀ ਵੇਸਵਾਵ੍ਰਤੀ ਵਿੱਚ ਡਿੱਗੇ ਅਤੇ ਦੇਸ ਦੁਸ਼ਟਤਾ ਨਾਲ ਭਰ ਜਾਵੇ।
30ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
31ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32ਤੁਸੀਂ ਧੌਲਿਆਂ ਵਾਲਿਆਂ ਦੇ ਅੱਗੇ ਉੱਠ ਕੇ ਖੜ੍ਹੇ ਹੋਣਾ ਅਤੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।
33ਜੇਕਰ ਕੋਈ ਪਰਦੇਸੀ ਤੁਹਾਡੇ ਦੇਸ ਵਿੱਚ ਆ ਕੇ ਤੁਹਾਡੇ ਨਾਲ ਵੱਸੇ, ਤਾਂ ਤੁਸੀਂ ਉਸ ਨੂੰ ਦੁੱਖ ਨਾ ਦੇਣਾ।
34ਅਤੇ ਜੋ ਪਰਦੇਸੀ ਤੁਹਾਡੇ ਵਿਚਕਾਰ ਵੱਸੇ, ਉਹ ਤੁਹਾਡੇ ਲਈ ਆਪਣੇ ਲੋਕਾਂ ਵਰਗਾ ਹੋਵੇ ਅਤੇ ਤੁਸੀਂ ਉਸ ਨੂੰ ਆਪਣੇ ਜਿਹਾ ਪਿਆਰ ਕਰਿਓ ਕਿਉਂ ਜੋ ਤੁਸੀਂ ਵੀ ਮਿਸਰ ਦੇਸ ਵਿੱਚ ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
35ਤੁਸੀਂ ਨਿਆਂ ਕਰਨ ਵਿੱਚ, ਨਾਪਣ ਵਿੱਚ, ਤੋਲਣ ਵਿੱਚ ਜਾਂ ਮਿਣਨ ਵਿੱਚ ਧੋਖਾ ਨਾ ਕਰਨਾ।
36ਸੱਚੀ ਤੱਕੜੀ, ਸੱਚੇ ਵੱਟੇ, ਸੱਚਾ ਟੋਪਾ ਅਤੇ ਸੱਚਾ ਕੁੱਪਾ ਤੁਹਾਡੇ ਕੋਲ ਹੋਵੇ। ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਹਾਂ।
37ਇਸ ਲਈ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਸਾਰੇ ਨਿਯਮਾਂ ਨੂੰ ਮੰਨਣਾ ਅਤੇ ਪੂਰਾ ਕਰਨਾ। ਮੈਂ ਯਹੋਵਾਹ ਹਾਂ।