3ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ।
4ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ।
5ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ।
6ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ।
7ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ।
8ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ।
9ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ?
10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ।
11ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ?
12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।
13ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ।
14ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ।
15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।
16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ।
17ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ।
18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ।
19ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।