Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਿਰਮਿਯਾਹ

ਯਿਰਮਿਯਾਹ 9

Help us?
Click on verse(s) to share them!
1ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ! ਤਾਂ ਮੈਂ ਆਪਣੀ ਪਰਜਾ ਦੀ ਧੀ ਦੇ ਵੱਢਿਆਂ ਹੋਇਆਂ ਨੂੰ ਦਿਨ ਰਾਤ ਰੋਂਦਾ ਰਹਿੰਦਾ!
2ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ! ਤਦ ਮੈਂ ਪਰਜਾ ਨੂੰ ਛੱਡ ਦਿੰਦਾ, ਅਤੇ ਉਹਨਾਂ ਵਿੱਚੋਂ ਚੱਲਿਆ ਜਾਂਦਾ! ਕਿਉਂ ਜੋ ਉਹ ਸਾਰਿਆਂ ਦੇ ਸਾਰੇ ਵਿਭਚਾਰੀ ਹਨ, ਉਹ ਬੇਈਮਾਨਾਂ ਦੀ ਟੋਲੀ ਹਨ।
3ਉਹ ਆਪਣੀ ਜੀਭ ਨੂੰ ਧਣੁੱਖ ਵਾਂਗੂੰ ਝੂਠ ਲਈ ਲਿਫਾਉਂਦੇ ਹਨ, ਉਹ ਦੇਸ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਕਿਉਂ ਜੋ ਉਹ ਬਦੀ ਤੋਂ ਬਦੀ ਤੱਕ ਵਧਦੇ ਜਾਂਦੇ ਹਨ, ਉਹ ਮੈਨੂੰ ਨਹੀਂ ਜਾਣਦੇ ਯਹੋਵਾਹ ਦਾ ਵਾਕ ਹੈ।
4ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਤੋਂ ਚੌਕਸ ਰਹੇ, ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ, ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋਹ ਲੈਂਦਾ ਹੈ, ਹਰ ਗੁਆਂਢੀ ਚੁਗਲਖ਼ੋਰ ਹੈ।
5ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ। ਉਹਨਾਂ ਆਪਣੀ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ। ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ,
6ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ, ਯਹੋਵਾਹ ਦਾ ਵਾਕ ਹੈ।
7ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ, ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ?
8ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਤੀਰ ਹੈ, ਉਹ ਧੋਖੇ ਦੀ ਗੱਲ ਕਰਦੀ ਹੈ। ਹਰੇਕ ਆਪਣੇ ਮੂੰਹ ਤੋਂ ਆਪਣੇ ਗੁਆਂਢੀ ਨੂੰ ਸ਼ਾਂਤੀ ਆਖਦਾ ਹੈ, ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ।
9ਯਹੋਵਾਹ ਦਾ ਵਾਕ ਹੈ, - ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖ਼ਬਰ ਨਾ ਲਵਾਂਗਾ? ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ?
10ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਾਰਗਾਹਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।
11ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਪੱਥਰਾਂ ਦਾ ਢੇਰ, ਅਤੇ ਗਿੱਦੜਾਂ ਦੀ ਖੋਹ ਬਣਾ ਦਿਆਂਗਾ। ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ।
12ਉਹ ਕਿਹੜਾ ਬੁੱਧਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇ? ਜਿਹ ਨੂੰ ਯਹੋਵਾਹ ਦਾ ਮੂੰਹ ਬੋਲਿਆ ਹੈ, ਉਹ ਉਸ ਨੂੰ ਦੱਸੇ। ਧਰਤੀ ਕਿਉਂ ਬਰਬਾਦ ਹੋਈ ਅਤੇ ਉਜਾੜ ਵਾਂਗੂੰ ਜਲ ਗਈ ਕਿ ਉਹ ਦੇ ਵਿੱਚ ਦੀ ਕੋਈ ਨਹੀਂ ਲੰਘਦਾ?
13ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹ ਦੇ ਉੱਤੇ ਚੱਲੇ ਹਨ
14ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ
15ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਨੂੰ ਅੱਕ ਦੀ ਜੜ੍ਹ ਖੁਆਵਾਂਗਾ ਅਤੇ ਇਹਨਾਂ ਨੂੰ ਵਿਹੁ ਵਾਲਾ ਪਾਣੀ ਪਿਲਾਵਾਂਗਾ
16ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਜਿਹਨਾਂ ਨੂੰ ਨਾ ਉਹ ਜਾਣਦੇ ਹਨ, ਨਾ ਉਹਨਾਂ ਦੇ ਪੁਰਖੇ ਜਾਣਦੇ ਸਨ ਖੇਰੂੰ-ਖੇਰੂੰ ਕਰ ਦਿਆਂਗਾ, ਅਤੇ ਮੈਂ ਉਹਨਾਂ ਦੇ ਅੱਗੇ ਤਲਵਾਰ ਭੇਜਾਂਗਾ ਜਿੰਨਾਂ ਚਿਰ ਉਹਨਾਂ ਦਾ ਨਾਸ ਨਾ ਕਰ ਦੇ।
17ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸੱਦੋ ਭਈ ਉਹ ਆਉਣ, ਬੁੱਧਵਾਨ ਔਰਤਾਂ ਨੂੰ ਸੱਦ ਘੱਲੋ ਜੋ ਉਹ ਆਉਣ।
18ਉਹ ਛੇਤੀ ਕਰਨ ਅਤੇ ਸਾਡੇ ਉੱਤੇ ਵੈਣ ਚੁੱਕਣ, ਭਈ ਸਾਡੀਆਂ ਅੱਖਾਂ ਤੋਂ ਅੱਥਰੂ ਵਗਣ, ਅਤੇ ਸਾਡੀਆਂ ਅੱਖਾਂ ਦੀਆਂ ਪਲਕਾਂ ਤੋਂ ਪਾਣੀ ਛਮਾ-ਛਮ ਚੋਵੇ।

19ਵੈਣ ਪਾਉਣ ਦੀ ਅਵਾਜ਼ ਸੀਯੋਨ ਤੋਂ ਸੁਣਾਈ ਦਿੰਦੀ ਹੈ, ਅਸੀਂ ਕੇਹੇ ਲੁੱਟੇ ਗਏ! ਅਸੀਂ ਡਾਢੇ ਸ਼ਰਮਿੰਦੇ ਹੋਏ! ਕਿਉਂ ਜੋ ਅਸੀਂ ਦੇਸ ਨੂੰ ਛੱਡ ਛੱਡਿਆ ਹੈ, ਉਹਨਾਂ ਨੇ ਸਾਡੇ ਵਸੇਬਿਆਂ ਨੂੰ ਢਾਹ ਜੋ ਸੁੱਟਿਆ ਹੈ।
20ਹੇ ਇਸਤਰੀਓ, ਤੁਸੀਂ ਯਹੋਵਾਹ ਦਾ ਬਚਨ ਸੁਣੋ, ਤੁਹਾਡਾ ਕੰਨ ਉਹ ਦੇ ਮੂੰਹ ਦੀ ਗੱਲ ਸੁਣੇ! ਆਪਣੀਆਂ ਧੀਆਂ ਨੂੰ ਵੈਣ, ਅਤੇ ਹਰੇਕ ਆਪਣੀ ਗੁਆਂਢਣ ਨੂੰ ਸਿਆਪਾ ਸਿਖਾਵੇ!
21ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ੍ਹ ਆਈ ਹੈ, ਇਹ ਸਾਡਿਆਂ ਮਹਿਲਾਂ ਵਿੱਚ ਵੜ ਗਈ ਹੈ, ਭਈ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।
22ਬੋਲੋ, ਯਹੋਵਾਹ ਦਾ ਵਾਕ ਇਸ ਤਰ੍ਹਾਂ ਹੈ, - ਆਦਮੀ ਦੀਆਂ ਲੋਥਾਂ ਖੁੱਲ੍ਹਿਆਂ ਖੇਤਾਂ ਵਿੱਚ ਮਲੀਹ ਵਾਂਗੂੰ ਡਿੱਗਣਗੀਆਂ, ਅਤੇ ਵਾਢਿਆਂ ਦੇ ਮਗਰ ਇੱਕ ਰੁੱਗ ਵਾਂਗੂੰ, ਜਿਸ ਨੂੰ ਕੋਈ ਇਕੱਠਾ ਨਹੀਂ ਕਰਦਾ।
23ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ
24ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ
25ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ
26ਮਿਸਰ ਨੂੰ, ਯਹੂਦਾਹ ਨੂੰ, ਅਦੋਮ ਨੂੰ ਅਤੇ ਅੰਮੋਨ ਦੇ ਪੁੱਤਰਾਂ ਨੂੰ ਅਤੇ ਮੋਆਬ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਅਤੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਕੱਟਦੇ ਹਨ ਕਿਉਂ ਜੋ ਇਹ ਸਾਰੀਆਂ ਕੌਮਾਂ ਅਸੁੰਨਤੀਆਂ ਹਨ ਅਤੇ ਇਸਰਾਏਲ ਦੇ ਸਾਰੇ ਘਰਾਣੇ ਦੇ ਲੋਕਾਂ ਨੇ ਦਿਲ ਤੋਂ ਮੇਰੀ ਵਿਧੀਆਂ ਵੱਲ ਧਿਆਨ ਨਾ ਲਗਾਇਆ l