Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਿਰਮਿਯਾਹ

ਯਿਰਮਿਯਾਹ 35

Help us?
Click on verse(s) to share them!
1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਕਿ
2ਤੂੰ ਰੇਕਾਬੀਆਂ ਦੇ ਘਰ ਜਾ ਅਤੇ ਉਹਨਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਕਿਸੇ ਕੋਠੜੀ ਵਿੱਚ ਲਿਆ ਅਤੇ ਉਹਨਾਂ ਨੂੰ ਮਧ ਪਿਲਾ
3ਤਾਂ ਮੈਂ ਹੱਬਸਿਨਯਾਹ ਦੇ ਪੋਤੇ ਯਿਰਮਿਯਾਹ ਦੇ ਪੁੱਤਰ ਯਅਜ਼ਨਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਅਤੇ ਰੇਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ
4ਅਤੇ ਉਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਪਰਮੇਸ਼ੁਰ ਦੇ ਇੱਕ ਜਨ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਅਤੇ ਜਿਹੜੀ ਸ਼ੱਲੂਮ ਦੇ ਪੁੱਤਰ ਮਅਸੇਯਾਹ ਡਿਉੜ੍ਹੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ
5ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੋ ਅਤੇ ਉਹਨਾਂ ਨੂੰ ਆਖਿਆ, ਮਧ ਪਿਓ
6ਪਰ ਉਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੱਕ ਮਧ ਨਾ ਪਿਓ, ਨਾ ਤੁਸੀਂ ਨਾ ਤੁਹਾਡੇ ਪੁੱਤਰ
7ਨਾ ਘਰ ਬਣਾਓ, ਨਾ ਬੀ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਭਈ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ
8ਅਸੀਂ ਆਪਣੇ ਪਿਤਾ ਰੇਕਾਬ ਦੇ ਪੁੱਤਰ ਯੋਨਾਦਾਬ ਦੀ ਅਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਆਪਣੇ ਸਾਰੇ ਦਿਨ ਮਧ ਨਾ ਪਿਓ, ਨਾ ਤੁਸੀਂ, ਨਾ ਤੁਹਾਡੀਆਂ ਔਰਤਾਂ ਨਾ ਤੁਹਾਡੇ ਪੁੱਤਰ ਨਾ ਤੁਹਾਡੀਆਂ ਧੀਆਂ
9ਨਾ ਵੱਸਣ ਲਈ ਘਰ ਬਣਾਓ ਅਤੇ ਅਸੀਂ ਨਾ ਬਾਗ਼ ਨਾ ਖੇਤ ਨਾ ਬੀ ਆਪਣੇ ਕੋਲ ਰੱਖਦੇ ਹਾਂ
10ਅਸੀਂ ਤੰਬੂਆਂ ਵਿੱਚ ਵੱਸੇ ਹਾਂ ਅਤੇ ਅਸੀਂ ਸਭ ਕੁਝ ਓਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ
11ਜਦ ਬਾਬਲ ਦਾ ਰਾਜਾ ਨਬੂਕਦਨੱਸਰ ਇਸ ਦੇਸ ਉੱਤੇ ਚੜ੍ਹ ਆਇਆ ਤਦ ਅਸੀਂ ਆਖਿਆ, ਆਓ, ਅਸੀਂ ਕਸਦੀਆਂ ਦੀ ਫੌਜ ਦੇ ਕਾਰਨ ਅਤੇ ਅਰਾਮੀਆਂ ਦੀ ਫੌਜ ਦੇ ਕਾਰਨ ਯਰੂਸ਼ਲਮ ਨੂੰ ਚੱਲੀਏ, ਸੋ ਅਸੀਂ ਯਰੂਸ਼ਲਮ ਵਿੱਚ ਵੱਸ ਗਏ।
12ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ
13ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਜਾ ਅਤੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ, ਕੀ ਤੁਸੀਂ ਸਿੱਖਿਆ ਨਾ ਲਓਗੇ ਭਈ ਮੇਰੀਆਂ ਗੱਲਾਂ ਸੁਣੋਗੇ? ਯਹੋਵਾਹ ਦਾ ਵਾਕ ਹੈ
14ਰੇਕਾਬ ਦੇ ਪੁੱਤਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਮਧ ਨਾ ਪੀਣੀ। ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ
15ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ, ਸਗੋਂ ਜਤਨ ਨਾਲ ਭੇਜਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ ਭਈ ਉਹਨਾਂ ਦੀ ਪੂਜਾ ਕਰੋ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਓ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ
16ਰੇਕਾਬ ਦੇ ਪੁੱਤਰ ਯੋਨਾਦਾਬ ਦੇ ਪੁੱਤਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਇਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ
17ਇਸ ਲਈ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਉਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ, ਕਿਉਂ ਜੋ ਮੈਂ ਉਹਨਾਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਸੁਣੀ ਨਹੀਂ, ਮੈਂ ਉਹਨਾਂ ਨੂੰ ਪੁਕਾਰਿਆ ਪਰ ਉਹਨਾਂ ਉੱਤਰ ਨਾ ਦਿੱਤਾ।
18ਰੇਕਾਬੀਆਂ ਦੇ ਘਰਾਣੇ ਨੂੰ ਯਿਰਮਿਯਾਹ ਨੇ ਆਖਿਆ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਇਸ ਲਈ ਜੋ ਤੁਸੀਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰਿਆਂ ਹੁਕਮਾਂ ਦੀ ਪਾਲਣਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ

19ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁਖ ਖੜ੍ਹੇ ਹੋਣ ਲਈ ਰੇਕਾਬ ਦੇ ਪੁੱਤਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।