1ਹਾਏ ਉਹਨਾਂ ਅਯਾਲੀਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖੇਰੂੰ-ਖੇਰੂੰ ਕਰਦੇ ਹਨ, ਯਹੋਵਾਹ ਦਾ ਵਾਕ ਹੈ!
2ਇਸ ਲਈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਮੈਂ ਉਹਨਾਂ ਅਯਾਲੀਆਂ ਦੇ ਵਿਰੁੱਧ ਹਾਂ ਜਿਹੜੇ ਮੇਰੀ ਪਰਜਾ ਨੂੰ ਚਾਰਦੇ ਹਨ। ਤੁਸੀਂ ਮੇਰੇ ਇੱਜੜ ਨੂੰ ਖੇਰੂੰ-ਖੇਰੂੰ ਕੀਤਾ ਅਤੇ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ ਅਤੇ ਉਹਨਾਂ ਦੀ ਪਰਵਾਹ ਨਹੀਂ ਕੀਤੀ। ਵੇਖੋ, ਮੈਂ ਤੁਹਾਡੇ ਕੰਮਾਂ ਦੀ ਬੁਰਿਆਈ ਤੁਹਾਡੇ ਉੱਤੇ ਲਿਆਵਾਂਗਾ, ਯਹੋਵਾਹ ਦਾ ਵਾਕ ਹੈ
3ਮੈਂ ਆਪਣੇ ਇੱਜੜ ਦੇ ਬਕੀਏ ਉਹਨਾਂ ਦੇਸਾਂ ਵਿੱਚੋਂ ਇਕੱਠੇ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਹੱਕ ਕੇ ਕੱਢ ਦਿੱਤਾ। ਮੈਂ ਉਹਨਾਂ ਨੂੰ ਉਹਨਾਂ ਦੇ ਵਾੜਿਆਂ ਵਿੱਚ ਮੋੜ ਲਿਆਵਾਂਗਾ ਅਤੇ ਉਹ ਫਲਣਗੇ ਅਤੇ ਵਧਣਗੇ
4ਮੈਂ ਉਹਨਾਂ ਉੱਤੇ ਅਯਾਲੀ ਖੜੇ ਕਰਾਂਗਾ ਜਿਹੜੇ ਉਹਨਾਂ ਨੂੰ ਚਾਰਨਗੇ। ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ, ਨਾ ਉਹਨਾਂ ਵਿੱਚੋਂ ਕੋਈ ਗਵਾਚੇਗੀ, ਯਹੋਵਾਹ ਦਾ ਵਾਕ ਹੈ।
5ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਦਾਊਦ ਲਈ ਇੱਕ ਧਰਮੀ ਸ਼ਾਖ ਖੜੀ ਕਰਾਂਗਾ। ਉਹ ਰਾਜਾ ਹੋ ਕੇ ਰਾਜ ਕਰੇਗਾ ਅਤੇ ਬੁੱਧਵਾਨ ਹੋਵੇਗਾ ਅਤੇ ਦੇਸ ਵਿੱਚ ਇਨਸਾਫ਼ ਅਤੇ ਧਰਮ ਦੇ ਕੰਮ ਕਰੇਗਾ
6ਉਹ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਇਸਰਾਏਲ ਸੁੱਖ ਨਾਲ ਵੱਸੇਗਾ ਅਤੇ ਉਹ ਦਾ ਇਹ ਨਾਮ ਹੋਵੇਗਾ ਜਿਸ ਦੇ ਨਾਲ ਉਹ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ”
7ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਉਹ ਫਿਰ ਨਾ ਆਖਣਗੇ, “ਯਹੋਵਾਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ”
8ਪਰ “ਯਹੋਵਾਹ ਦੀ ਸਹੁੰ ਜਿਹੜਾ ਉਤਾਹਾਂ ਲਿਆਇਆ ਅਤੇ ਜਿਹੜਾ ਇਸਰਾਏਲ ਦੇ ਘਰਾਣੇ ਦੀ ਨਸਲ ਨੂੰ ਉੱਤਰ ਦੇਸ ਵਿੱਚੋਂ ਅਤੇ ਉਹਨਾਂ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਉਸ ਉਹਨਾਂ ਨੂੰ ਹੱਕ ਦਿੱਤਾ ਸੀ ਬਾਹਰ ਲਿਆਇਆ।” ਤਾਂ ਉਹ ਆਪਣੀ ਭੂਮੀ ਵਿੱਚ ਵੱਸਣਗੇ।
9ਨਬੀਆਂ ਦੇ ਲਈ ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ, ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ, ਮੈਂ ਇੱਕ ਸ਼ਰਾਬੀ ਮਨੁੱਖ ਵਾਂਗੂੰ ਹੋ ਗਿਆ ਹਾਂ, ਉਸ ਮਰਦ ਵਾਂਗੂੰ ਜਿਹ ਦੇ ਉੱਤੇ ਮੈਂ ਪਰਬਲ ਪਈ, ਯਹੋਵਾਹ ਦੇ ਕਾਰਨ ਅਤੇ ਉਸ ਦੇ ਪਵਿੱਤਰ ਬਚਨਾਂ ਦੇ ਕਾਰਨ।
10ਕਿਉਂ ਜੋ ਦੇਸ ਜਨਾਹਕਾਰਾਂ ਨਾਲ ਭਰ ਗਿਆ ਹੈ, ਸਰਾਪ ਦੇ ਕਾਰਨ ਧਰਤੀ ਸੋਗ ਕਰਦੀ ਹੈ, ਅਤੇ ਉਜਾੜ ਦੀਆਂ ਚਾਰਗਾਹਾਂ ਸੁੱਕ ਗਈਆਂ ਹਨ। ਉਹਨਾਂ ਦਾ ਰਾਹ ਬੁਰਾ ਹੈ, ਉਹਨਾਂ ਦਾ ਗਭਰੇਟਾ ਚੰਗਾ ਨਹੀਂ,
11ਕਿਉਂ ਜੋ ਨਬੀ ਤੇ ਜਾਜਕ ਭਰਿਸ਼ਟ ਹਨ, ਨਾਲੇ ਮੇਰੇ ਭਵਨ ਵਿੱਚ ਮੈਂ ਉਹਨਾਂ ਦੀ ਬਦੀ ਪਾਈ, ਯਹੋਵਾਹ ਦਾ ਵਾਕ ਹੈ।
12ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਅਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ, ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ, ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ, ਯਹੋਵਾਹ ਦਾ ਵਾਕ ਹੈ।
13ਸਾਮਰਿਯਾ ਦੇ ਨਬੀਆਂ ਵਿੱਚ ਮੈਂ ਮੂਰਖਤਾਈ ਵੇਖੀ, ਉਹਨਾਂ ਨੇ ਬਆਲ ਵੱਲੋਂ ਅਗੰਮ ਵਾਚਿਆ, ਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾਇਆ।
14ਪਰ ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇੱਕ ਡਰਾਉਣੀ ਗੱਲ ਵੇਖੀ! ਉਹ ਵਿਭਚਾਰ ਕਰਦੇ ਅਤੇ ਮੱਕਾਰੀ ਨਾਲ ਚੱਲਦੇ ਹਨ। ਉਹ ਕੁਕਰਮੀਆਂ ਦੇ ਹੱਥਾਂ ਨੂੰ ਤਕੜਾ ਕਰਦੇ ਹਨ, ਸੋ ਕੋਈ ਮਨੁੱਖ ਆਪਣੀ ਬੁਰਿਆਈ ਤੋਂ ਨਹੀਂ ਮੁੜਦਾ। ਉਹ ਸਾਰੇ ਮੇਰੇ ਲਈ ਸਦੂਮ ਵਰਗੇ ਹੋ ਗਏ ਹਨ, ਅਤੇ ਉਹ ਦੇ ਵਾਸੀ ਅਮੂਰਾਹ ਵਰਗੇ।
15ਇਸ ਲਈ ਸੈਨਾਂ ਦਾ ਯਹੋਵਾਹ ਨਬੀਆਂ ਦੇ ਬਾਰੇ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਨਾਗਦੌਣਾ ਖੁਆਵਾਂਗਾ, ਅਤੇ ਉਹਨਾਂ ਨੂੰ ਜ਼ਹਿਰ ਵਾਲਾ ਪਾਣੀ ਪਿਲਾਵਾਂਗਾ, ਕਿਉਂ ਜੋ ਯਰੂਸ਼ਲਮ ਦੇ ਨਬੀਆਂ ਤੋਂ ਸਾਰੀ ਧਰਤੀ ਵਿੱਚ ਪਲੀਤੀ ਖਿੱਲਰ ਗਈ ਹੈ।
16ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, - ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ। ਉਹ ਵਿਅਰਥ ਦੱਸਦੇ ਹਨ, ਉਹ ਆਪਣੇ ਦਿਲ ਦੇ ਦਰਸ਼ਣ ਦੱਸਦੇ ਹਨ ਪਰ ਉਹ ਯਹੋਵਾਹ ਦੇ ਮੂੰਹੋਂ ਨਹੀਂ ਬੋਲਦੇ
17ਉਹ ਉਹਨਾਂ ਨੂੰ ਜਿਹੜੇ ਮੇਰੀ ਨਿਰਾਦਰੀ ਕਰਦੇ ਕਹਿੰਦੇ ਰਹਿੰਦੇ ਹਨ ਭਈ ਯਹੋਵਾਹ ਬੋਲਿਆ ਕਿ ਤੁਹਾਡੇ ਲਈ ਸ਼ਾਂਤੀ ਹੋਵੇਗੀ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੇ ਆਕੀਪੁਣੇ ਵਿੱਚ ਚੱਲਦੇ ਹਨ ਉਹ ਆਖਦੇ ਹਨ, ਤੁਹਾਡੇ ਉੱਤੇ ਬੁਰਿਆਈ ਨਾ ਆਵੇਗੀ।
18ਕੌਣ ਹੈ ਜੋ ਯਹੋਵਾਹ ਦੀ ਸੰਗਤ ਵਿੱਚ ਖਲੋਤਾ ਰਿਹਾ, ਭਈ ਉਹ ਦੇ ਬਚਨ ਨੂੰ ਵੇਖੇ ਅਤੇ ਸੁਣੇ? ਜਾਂ ਕਿਸ ਉਹ ਦੇ ਬਚਨ ਉੱਤੇ ਧਿਆਨ ਦਿੱਤਾ ਅਤੇ ਸੁਣਿਆ?
19ਵੇਖੋ, ਯਹੋਵਾਹ ਦਾ ਤੂਫਾਨ! ਉਹ ਦਾ ਗੁੱਸਾ ਬਾਹਰ ਨਿੱਕਲਿਆ ਹੈ, ਹਾਂ, ਇੱਕ ਵਾਵਰੋਲੇ ਦਾ ਤੂਫਾਨ, ਜਿਹੜਾ ਦੁਸ਼ਟਾਂ ਦੇ ਸਿਰ ਉੱਤੇ ਵਗੇਗਾ!
20ਯਹੋਵਾਹ ਦਾ ਕ੍ਰੋਧ ਨਾ ਮੁੜੇਗਾ, ਜਦ ਤੱਕ ਉਹ ਆਪਣੇ ਦਿਲ ਦੇ ਪਰੋਜਨ ਨੂੰ ਪੂਰੀ ਤਰ੍ਹਾਂ ਕਾਇਮ ਨਾ ਕਰੇ। ਓੜਕ ਦੇ ਦਿਨਾਂ ਵਿੱਚ ਤੁਸੀਂ ਇਹ ਨੂੰ ਸਫ਼ਾਈ ਨਾਲ ਸਮਝੋਗੇ।
21ਮੈਂ ਇਹਨਾਂ ਨਬੀਆਂ ਨੂੰ ਨਹੀਂ ਭੇਜਿਆ, ਤਦ ਵੀ ਉਹ ਦੌੜੇ ਫਿਰਦੇ ਹਨ। ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ।
22ਪਰ ਜੇ ਉਹ ਮੇਰੀ ਸੰਗਤ ਵਿੱਚ ਖਲੋਂਦੇ, ਤਾਂ ਉਹ ਮੇਰੀਆਂ ਗੱਲਾਂ ਮੇਰੀ ਪਰਜਾ ਨੂੰ ਸੁਣਾਉਂਦੇ, ਅਤੇ ਉਹ ਉਹਨਾਂ ਨੂੰ ਉਹਨਾਂ ਦੇ ਬੁਰਿਆਂ ਰਾਹਾਂ ਤੋਂ, ਉਹਨਾਂ ਦੀਆਂ ਬੁਰੀਆਂ ਕਰਤੂਤਾਂ ਤੋਂ ਮੋੜਦੇ।
23ਕੀ ਮੈਂ ਨੇੜੇ ਦਾ ਹੀ ਪਰਮੇਸ਼ੁਰ ਹਾਂ ਅਤੇ ਦੂਰ ਦਾ ਪਰਮੇਸ਼ੁਰ ਨਹੀਂ ਹਾਂ? ਯਹੋਵਾਹ ਦਾ ਵਾਕ ਹੈ
24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹ ਨੂੰ ਨਾ ਵੇਖਾਂ? ਯਹੋਵਾਹ ਦਾ ਵਾਕ ਹੈ। ਕੀ ਅਕਾਸ਼ ਅਤੇ ਧਰਤੀ ਮੇਰੇ ਨਾਲ ਨਹੀਂ ਭਰੇ ਹੋਏ? ਯਹੋਵਾਹ ਦਾ ਵਾਕ ਹੈ
25ਜੋ ਕੁਝ ਨਬੀਆਂ ਨੇ ਆਖਿਆ ਹੈ, ਉਹ ਮੈਂ ਸੁਣਿਆ ਹੈ। ਉਹ ਮੇਰੇ ਨਾਮ ਉੱਤੇ ਇਹ ਆਖ ਕੇ ਝੂਠੇ ਅਗੰਮ ਵਾਕ ਬੋਲਦੇ ਹਨ ਕਿ ਮੈਂ ਸੁਫ਼ਨਾ ਵੇਖਿਆ ਹੈ, ਮੈਂ ਸੁਫ਼ਨਾ ਵੇਖਿਆ ਹੈ!
26ਕਦ ਤੱਕ ਇਹ ਝੂਠੇ ਅਗੰਮ ਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮ ਵਾਕ ਬੋਲਣ?
27ਜਿਹੜੇ ਸੋਚਦੇ ਹਨ ਭਈ ਉਹ ਮੇਰੀ ਪਰਜਾ ਨੂੰ ਮੇਰਾ ਨਾਮ ਆਪਣੇ ਸੁਫ਼ਨਿਆਂ ਨਾਲ ਭੁਲਾ ਦੇਣ, ਜਿਹਨਾਂ ਨੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਦੱਸਦਾ ਹੈ ਜਿਵੇਂ ਉਹਨਾਂ ਦੇ ਪੁਰਖੇ ਮੇਰਾ ਨਾਮ ਬਆਲ ਦੇ ਕਾਰਨ ਭੁੱਲ ਗਏ ਸਨ
28ਉਹ ਨਬੀ ਜਿਹ ਦੇ ਕੋਲ ਸੁਫ਼ਨਾ ਹੈ ਉਹ ਸੁਫ਼ਨਾ ਦੱਸੇ, ਅਤੇ ਜਿਹ ਦੇ ਕੋਲ ਮੇਰਾ ਬਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਬਚਨ ਬੋਲੇ। ਤੂੜੀ ਦਾ ਕਣਕ ਨਾਲ ਕੀ ਮੇਲ? ਯਹੋਵਾਹ ਦਾ ਵਾਕ ਹੈ
29ਕੀ ਮੇਰਾ ਬਚਨ ਅੱਗ ਵਾਂਗੂੰ ਨਹੀਂ? ਯਹੋਵਾਹ ਦਾ ਵਾਕ ਹੈ, ਅਤੇ ਵਦਾਣ ਵਾਂਗੂੰ ਜਿਹੜਾ ਚੱਟਾਨ ਨੂੰ ਚੂਰ-ਚੂਰ ਕਰ ਸੁੱਟਦਾ ਹੈ?
30ਇਸ ਲਈ ਵੇਖੋ, ਮੈਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਮੇਰੇ ਬਚਨ ਇੱਕ ਦੂਜੇ ਤੋਂ ਚੁਰਾ ਲੈਂਦੇ ਹਨ
31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, “ਯਹੋਵਾਹ ਦਾ ਵਾਕ”
32ਵੇਖੋ, ਮੈਂ ਝੂਠੇ ਸੁਫਨਿਆਂ ਦੇ ਅਗੰਮ ਵਾਚਣ ਵਾਲਿਆਂ ਦੇ ਵਿਰੁੱਧ ਹਾਂ, ਯਹੋਵਾਹ ਦਾ ਵਾਕ ਹੈ, ਜਿਹੜੇ ਉਹਨਾਂ ਨੂੰ ਦੱਸਦੇ ਅਤੇ ਮੇਰੀ ਪਰਜਾ ਨੂੰ ਆਪਣਿਆਂ ਝੂਠਾਂ ਅਤੇ ਫੋਕੇ ਘਮੰਡ ਨਾਲ ਕੁਰਾਹੇ ਪਾਉਂਦੇ ਹਨ। ਪਰ ਨਾ ਮੈਂ ਉਹਨਾਂ ਨੂੰ ਭੇਜਿਆ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ, ਯਹੋਵਾਹ ਦਾ ਵਾਕ ਹੈ।
33ਜਦ ਤੂੰ ਇਹ ਪਰਜਾ ਜਾਂ ਨਬੀ ਜਾਂ ਜਾਜਕ ਪੁੱਛਣ ਕਿ ਯਹੋਵਾਹ ਦਾ ਭਾਰ ਕੀ ਹੈ? ਤਦ ਤੂੰ ਉਹਨਾਂ ਨੂੰ ਆਖੀਂ, ਤੁਸੀਂ ਉਹ ਦਾ ਭਾਰ ਹੋ! ਮੈਂ ਤੁਹਾਨੂੰ ਸੁੱਟ ਦਿਆਂਗਾ! ਯਹੋਵਾਹ ਦਾ ਵਾਕ ਹੈ
34ਉਹ ਨਬੀ ਅਤੇ ਜਾਜਕ ਅਤੇ ਪਰਜਾ ਜਿਹੜੇ ਆਖਣ, “ਯਹੋਵਾਹ ਦਾ ਭਾਰ,” ਮੈਂ ਉਸ ਨੂੰ ਅਤੇ ਉਸ ਦੇ ਘਰਾਣੇ ਨੂੰ ਸਜ਼ਾ ਦਿਆਂਗਾ
35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ਯਹੋਵਾਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਹੋਵਾਹ ਕੀ ਬੋਲਿਆ ਹੈ?
36ਯਹੋਵਾਹ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ ਕਿਉਂ ਜੋ ਯਹੋਵਾਹ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ। ਤੁਸੀਂ ਜਿਉਂਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਸਾਡੇ ਪਰਮੇਸ਼ੁਰ ਦਾ ਬਚਨ ਵਿਗਾੜ ਦਿੱਤਾ ਹੈ
37ਤੂੰ ਨਬੀ ਨੂੰ ਐਉਂ ਆਖ, ਤੈਨੂੰ ਯਹੋਵਾਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਹੋਵਾਹ ਦਾ ਕੀ ਬਚਨ ਹੈ?
38ਪਰ ਜੇ ਤੁਸੀਂ ਆਖੋ, “ਯਹੋਵਾਹ ਦਾ ਭਾਰ,” ਤਾਂ ਯਹੋਵਾਹ ਐਉਂ ਆਖਦਾ ਹੈ, ਇਸ ਲਈ ਕਿ ਤੁਸੀਂ ਇਹ ਗੱਲ ਕਹਿੰਦੇ ਹੋ, “ਯਹੋਵਾਹ ਦਾ ਭਾਰ,” ਅਤੇ ਮੈਂ ਤੁਹਾਨੂੰ ਅਖਵਾ ਭੇਜਿਆ ਕਿ “ਯਹੋਵਾਹ ਦਾ ਭਾਰ” ਨਾ ਆਖੋ
39ਤਾਂ ਵੇਖੋ, ਮੈਂ ਸੱਚੀ ਮੁੱਚੀ ਤੁਹਾਨੂੰ ਚੁੱਕ ਸੁੱਟਾਂਗਾ ਅਤੇ ਤੁਹਾਨੂੰ ਇਸ ਸ਼ਹਿਰ ਨੂੰ ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਆਪਣੀ ਹਜ਼ੂਰੀ ਤੋਂ ਰੱਦ ਕਰ ਦਿਆਂਗਾ
40ਅਤੇ ਮੈਂ ਸਦਾ ਦਾ ਉਲਾਹਮਾ ਅਤੇ ਸਦਾ ਦੀ ਸ਼ਰਮਿੰਦਗੀ ਤੁਹਾਡੇ ਉੱਤੇ ਲਿਆਵਾਂਗਾ ਜਿਹੜੀ ਕਦੀ ਵੀ ਨਾ ਭੁੱਲੇਗੀ।