Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਯਿਰਮਿਯਾਹ

ਯਿਰਮਿਯਾਹ 18

Help us?
Click on verse(s) to share them!
1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ਕਿ
2ਉੱਠ ਅਤੇ ਘੁਮਿਆਰ ਦੇ ਘਰ ਨੂੰ ਉੱਤਰ ਜਾ। ਉੱਥੇ ਮੈਂ ਤੈਨੂੰ ਆਪਣੀਆਂ ਗੱਲਾਂ ਸੁਣਾਵਾਂਗਾ
3ਤਾਂ ਮੈਂ ਘੁਮਿਆਰ ਦੇ ਘਰ ਨੂੰ ਉੱਤਰ ਗਿਆ ਅਤੇ ਵੇਖੋ, ਉਹ ਆਪਣੇ ਚੱਕ ਉੱਤੇ ਕੰਮ ਕਰ ਰਿਹਾ ਸੀ
4ਉਹ ਭਾਂਡਾ ਜਿਹੜਾ ਉਹ ਮਿੱਟੀ ਦਾ ਬਣਾਉਂਦਾ ਸੀ ਘੁਮਿਆਰ ਦੇ ਹੱਥ ਵਿੱਚ ਵਿਗੜ ਗਿਆ। ਤਦ ਉਹ ਨੇ ਮੁੜ ਉਸ ਤੋਂ ਇੱਕ ਦੂਜਾ ਭਾਂਡਾ ਬਣਾਇਆ ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।
5ਫਿਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
6ਹੇ ਇਸਰਾਏਲ ਦੇ ਘਰਾਣੇ, ਕੀ ਮੈਂ ਇਸ ਘੁਮਿਆਰ ਵਾਂਗੂੰ ਤੁਹਾਡੇ ਨਾਲ ਨਹੀਂ ਕਰ ਸਕਦਾ? ਯਹੋਵਾਹ ਦਾ ਵਾਕ ਹੈ। ਵੇਖੋ, ਹੇ ਇਸਰਾਏਲ ਦੇ ਘਰਾਣੇ, ਜਿਵੇਂ ਮਿੱਟੀ ਘੁਮਿਆਰ ਦੇ ਹੱਥ ਵਿੱਚ ਹੈ ਤਿਵੇਂ ਤੁਸੀਂ ਮੇਰੇ ਹੱਥ ਵਿੱਚ ਹੋ
7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ
8ਜੇ ਉਹ ਕੌਮ ਜਿਹ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ
9ਅਤੇ ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਬਾਰੇ ਬੋਲਾਂ ਕਿ ਉਹ ਨੂੰ ਬਣਾਵਾਂਗਾ ਅਤੇ ਲਾਵਾਂਗਾ
10ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਅਵਾਜ਼ ਨਾ ਸੁਣੇ ਤਾਂ ਮੈਂ ਵੀ ਉਸ ਭਲਿਆਈ ਤੋਂ ਪਛਤਾਵਾਂਗਾ ਜਿਹੜੀ ਮੈਂ ਉਸ ਨਾਲ ਭਲਿਆਈ ਕਰਨ ਲਈ ਆਖਿਆ ਸੀ
11ਹੁਣ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਵਿਰੁੱਧ ਇੱਕ ਬੁਰਿਆਈ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਮਤਾ ਸੋਚ ਰਿਹਾ ਹਾਂ। ਤੁਸੀਂ ਸਾਰੇ ਆਪਣੇ ਬੁਰੇ ਰਾਹ ਤੋਂ ਮੁੜੋ ਅਤੇ ਆਪਣੇ ਰਾਹ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ
12ਪਰ ਉਹ ਆਖਦੇ ਹਨ, ਇਹ ਅਣਹੋਣਾ ਹੈ! ਅਸੀਂ ਆਪਣੀਆਂ ਜੁਗਤਾਂ ਪਿੱਛੇ ਚੱਲਾਂਗੇ ਅਤੇ ਸਾਡੇ ਵਿੱਚੋਂ ਹਰ ਮਨੁੱਖ ਆਪਣੇ ਬੁਰੇ ਦਿਲ ਦੀ ਆਕੜ ਅਨੁਸਾਰ ਕੰਮ ਕਰੇਗਾ।
13ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਕੌਮਾਂ ਦੇ ਵਿੱਚ ਪੁੱਛੋ ਤਾਂ, ਅਜਿਹੀਆਂ ਗੱਲਾਂ ਕਿਨ ਸੁਣੀਆਂ ਹਨ? ਇਸਰਾਏਲ ਦੀ ਕੁਆਰੀ ਨੇ ਵੱਡੀ ਭਿਆਨਕ ਗੱਲ ਕੀਤੀ ਹੈ!
14ਕੀ ਲਬਾਨੋਨ ਦੀ ਬਰਫ਼ ਮੈਦਾਨ ਦੀ ਚੱਟਾਨ ਨੂੰ ਛੱਡ ਦੇਵੇਗੀ? ਕੀ ਉਹ ਠੰਡੇ ਪਾਣੀ ਜਿਹੜੇ ਦੂਰੋਂ ਵੱਗਦੇ ਹਨ ਸੁੱਕ ਜਾਣਗੇ?
15ਪਰ ਮੇਰੀ ਪਰਜਾ ਨੇ ਤਾਂ ਮੈਨੂੰ ਵਿਸਾਰ ਦਿੱਤਾ ਹੈ, ਉਹ ਵਿਅਰਥ ਲਈ ਧੂਪ ਧੁਖਾਉਂਦੇ ਹਨ, ਉਹਨਾਂ ਨੇ ਆਪਣਿਆਂ ਰਾਹਾਂ ਵਿੱਚ ਠੇਡਾ ਖਾਧਾ, ਹਾਂ, ਆਪਣਿਆਂ ਰਾਹਾਂ ਵਿੱਚ, ਅਤੇ ਉਹ ਪਹਿਆਂ ਵਿੱਚ ਦੀ ਚੱਲਣ ਲੱਗੇ, ਜਿਹੜੇ ਪੱਧਰੇ ਰਾਹ ਨਹੀਂ ਹਨ।
16ਸੋ ਉਹ ਆਪਣੇ ਦੇਸ ਨੂੰ ਵਿਰਾਨ ਅਤੇ ਸਦਾ ਲਈ ਨੱਕ ਚੜ੍ਹਾਉਣ ਦਾ ਕਾਰਨ ਬਣਾਉਂਦੇ ਹਨ। ਜੋ ਕੋਈ ਉੱਥੋਂ ਦੀ ਲੰਘੇ ਹੈਰਾਨ ਹੋਵੇਗਾ, ਅਤੇ ਆਪਣਾ ਸਿਰ ਹਿਲਾਵੇਗਾ!
17ਮੈਂ ਉਹਨਾਂ ਨੂੰ ਪੁਰੇ ਦੀ ਹਵਾ ਵਾਂਗੂੰ ਵੈਰੀ ਦੇ ਅੱਗੇ ਖਿਲਾਰ ਦਿਆਂਗਾ, ਮੈਂ ਉਹਨਾਂ ਨੂੰ ਬਿਪਤਾ ਦੇ ਦਿਨ ਆਪਣੀ ਪਿੱਠ ਵਿਖਾਵਾਂਗਾ, ਮੂੰਹ ਨਹੀਂ।
18ਤਾਂ ਉਹਨਾਂ ਆਖਿਆ ਆਓ, ਅਸੀਂ ਯਿਰਮਿਯਾਹ ਦੇ ਵਿਰੁੱਧ ਮਤਾ ਪਕਾਈਏ ਕਿਉਂ ਜੋ ਬਿਵਸਥਾ ਜਾਜਕ ਤੋਂ ਨਾ ਮਿਟੇਗੀ, ਨਾ ਸਲਾਹ ਬੁੱਧਵਾਨਾਂ ਕੋਲੋਂ, ਨਾ ਬਚਨ ਨਬੀ ਤੋਂ। ਆਓ, ਅਸੀਂ ਉਹ ਨੂੰ ਜੀਭ ਨਾਲ ਮਾਰੀਏ ਅਤੇ ਉਹ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।

19ਹੇ ਯਹੋਵਾਹ, ਮੇਰੀ ਵੱਲ ਧਿਆਨ ਦੇਹ, ਮੇਰੇ ਨਾਲ ਲੜਨ ਵਾਲਿਆਂ ਦੀ ਅਵਾਜ਼ ਸੁਣ ਲੈ!
20ਕੀ ਨੇਕੀ ਦਾ ਬਦਲਾ ਬਦੀ ਹੈ? ਕਿਉਂ ਜੋ ਉਹਨਾਂ ਮੇਰੀ ਜਾਨ ਲਈ ਟੋਆ ਪੁੱਟਿਆ ਹੈ। ਚੇਤੇ ਕਰ ਕਿ ਮੈਂ ਕਿਵੇਂ ਤੇਰੇ ਸਨਮੁਖ ਉਹਨਾਂ ਦੀ ਭਲਿਆਈ ਦੀ ਗੱਲ ਲਈ ਖਲੋਤਾ ਰਿਹਾ, ਭਈ ਮੈਂ ਤੇਰਾ ਗੁੱਸਾ ਉਹਨਾਂ ਤੋਂ ਮੋੜ ਲਵਾਂ।
21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਕਾਲ ਦੇ ਹਵਾਲੇ ਕਰ, ਅਤੇ ਉਹਨਾਂ ਨੂੰ ਤਲਵਾਰ ਦੇ ਘਾਟ ਉਤਾਰ! ਉਹਨਾਂ ਦੀਆਂ ਔਰਤਾਂ ਔਂਤਰੀਆਂ ਅਤੇ ਵਿਧਵਾ ਹੋਣ ਅਤੇ ਉਹਨਾਂ ਦੇ ਮਨੁੱਖ ਤਲਵਾਰ ਨਾਲ ਮਰਨ ਉਹਨਾਂ ਦੇ ਚੁਗਵੇਂ ਲੜਾਈ ਵਿੱਚ ਤਲਵਾਰ ਨਾਲ ਮਾਰੇ ਜਾਣ!
22ਉਹਨਾਂ ਦੇ ਘਰਾਂ ਤੋਂ ਚਿੱਲਾਉਣਾ ਸੁਣਿਆ ਜਾਵੇ, ਜਦ ਤੂੰ ਉਹਨਾਂ ਉੱਤੇ ਅਚਾਨਕ ਲਸ਼ਕਰ ਚੜ੍ਹਾ ਲਿਆਵੇਂਗਾ, ਕਿਉਂ ਜੋ ਉਹਨਾਂ ਮੇਰੇ ਫੜਨ ਲਈ ਟੋਆ ਪੁੱਟਿਆ ਹੈ, ਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।
23ਹੇ ਯਹੋਵਾਹ, ਤੂੰ ਉਹਨਾਂ ਦੀਆਂ ਸਾਰੀਆਂ ਸਲਾਹਾਂ ਜਾਣਦਾ ਹੈ ਜੋ ਮੇਰੇ ਮਰਨ ਲਈ ਹਨ ਉਹਨਾਂ ਦੀ ਬਦੀ ਨਾ ਢੱਕ, ਨਾ ਉਹਨਾਂ ਦੇ ਪਾਪ ਆਪਣੇ ਅੱਗੋਂ ਮਿਟਾ। ਉਹ ਤੇਰੇ ਅੱਗੇ ਡੇਗੇ ਜਾਣ, ਆਪਣੇ ਕਹਿਰ ਦੇ ਵੇਲੇ ਉਹਨਾਂ ਨਾਲ ਐਉਂ ਵਰਤ!।