Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਅਜ਼ਰਾ

ਅਜ਼ਰਾ 7

Help us?
Click on verse(s) to share them!
1ਇਨ੍ਹਾਂ ਗੱਲਾਂ ਦੇ ਬਾਅਦ ਫ਼ਾਰਸ ਦੇ ਰਾਜਾ ਅਰਤਹਸ਼ਸ਼ਤਾ ਦੇ ਰਾਜ ਵਿੱਚ ਅਜ਼ਰਾ ਸਰਾਯਾਹ ਦਾ ਪੁੱਤਰ, ਉਹ ਅਜ਼ਰਯਾਹ ਦਾ ਪੁੱਤਰ, ਉਹ ਹਿਲਕੀਯਾਹ ਦਾ ਪੁੱਤਰ,
2ਉਹ ਸ਼ੱਲੂਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ,
3ਉਹ ਅਮਰਯਾਹ ਦਾ ਪੁੱਤਰ, ਉਹ ਅਜ਼ਰਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ,
4ਉਹ ਜ਼ਰਹਯਾਹ ਦਾ ਪੁੱਤਰ, ਉਹ ਉੱਜ਼ੀ ਦਾ ਪੁੱਤਰ, ਉਹ ਬੁੱਕੀ ਦਾ ਪੁੱਤਰ,
5ਉਹ ਅਬੀਸ਼ੂਆ ਦਾ ਪੁੱਤਰ, ਉਹ ਫ਼ੀਨਹਾਸ ਦਾ ਪੁੱਤਰ, ਉਹ ਅਲਆਜ਼ਾਰ ਦਾ ਪੁੱਤਰ, ਉਹ ਹਾਰੂਨ ਪ੍ਰਧਾਨ ਜਾਜਕ ਦਾ ਪੁੱਤਰ।
6ਇਹ ਅਜ਼ਰਾ ਬਾਬਲ ਤੋਂ ਗਿਆ ਅਤੇ ਉਹ ਮੂਸਾ ਦੀ ਬਿਵਸਥਾ ਵਿੱਚ ਜੋ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੇ ਦਿੱਤੀ ਸੀ, ਬਹੁਤ ਨਿਪੁੰਨ ਸ਼ਾਸਤਰੀ ਸੀ ਅਤੇ ਯਹੋਵਾਹ, ਉਸ ਦੇ ਪਰਮੇਸ਼ੁਰ ਦਾ ਹੱਥ ਉਸ ਦੇ ਉੱਤੇ ਸੀ, ਇਸ ਲਈ ਰਾਜਾ ਨੇ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ।
7ਅਤੇ ਇਸਰਾਏਲੀਆਂ, ਜਾਜਕਾਂ, ਲੇਵੀਆਂ, ਗਾਇਕਾਂ, ਦਰਬਾਨਾਂ ਤੇ ਨਥੀਨੀਮੀਆਂ ਵਿੱਚੋਂ ਕੁਝ ਲੋਕ ਅਰਤਹਸ਼ਸ਼ਤਾ ਰਾਜਾ ਦੇ ਸੱਤਵੇਂ ਸਾਲ ਵਿੱਚ ਯਰੂਸ਼ਲਮ ਨੂੰ ਆਏ
8ਅਤੇ ਅਜ਼ਰਾ, ਰਾਜਾ ਦੇ ਸੱਤਵੇਂ ਸਾਲ ਦੇ ਪੰਜਵੇ ਮਹੀਨੇ ਯਰੂਸ਼ਲਮ ਵਿੱਚ ਪਹੁੰਚਿਆ।
9ਪਹਿਲੇ ਮਹੀਨੇ ਦੇ ਪਹਿਲੇ ਦਿਨ, ਉਹ ਬਾਬਲ ਤੋਂ ਚੱਲਿਆ ਅਤੇ ਪੰਜਵੇ ਮਹੀਨੇ ਦੇ ਪਹਿਲੇ ਦਿਨ ਉਹ ਯਰੂਸ਼ਲਮ ਵਿੱਚ ਪਹੁੰਚ ਗਿਆ ਇਸ ਲਈ ਕਿ ਉਸ ਦੇ ਪਰਮੇਸ਼ੁਰ ਦੀ ਭਲਿਆਈ ਦਾ ਹੱਥ ਉਸ ਦੇ ਉੱਤੇ ਸੀ
10ਕਿਉਂ ਜੋ ਅਜ਼ਰਾ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਅਤੇ ਉਸ ਦੇ ਉੱਤੇ ਚੱਲਣ ਅਤੇ ਇਸਰਾਏਲ ਨੂੰ ਬਿਧੀਆਂ ਤੇ ਨਿਯਮਾਂ ਦੀ ਸਿੱਖਿਆ ਦੇਣ ਉੱਤੇ ਮਨ ਲਗਾਇਆ ਸੀ।
11ਜੋ ਚਿੱਠੀ ਅਰਤਹਸ਼ਸ਼ਤਾ ਰਾਜਾ ਨੇ ਅਜ਼ਰਾ ਜਾਜਕ ਤੇ ਸ਼ਾਸਤਰੀ ਨੂੰ ਦਿੱਤੀ, ਜੋ ਯਹੋਵਾਹ ਦੀਆਂ ਆਗਿਆ ਦੇ ਬਚਨਾਂ ਦਾ ਅਤੇ ਇਸਰਾਏਲ ਦੇ ਲਈ ਬਿਧੀਆਂ ਦਾ ਸ਼ਾਸਤਰੀ ਸੀ - ਉਹ ਦੀ ਨਕਲ ਇਹ ਹੈ:
12“ਅਰਤਹਸ਼ਸ਼ਤਾ, ਰਾਜਿਆਂ ਦੇ ਰਾਜਾ ਵੱਲੋਂ, ਅਜ਼ਰਾ ਜਾਜਕ ਨੂੰ ਜੋ ਸਵਰਗੀ ਪਰਮੇਸ਼ੁਰ ਦੀ ਬਿਵਸਥਾ ਦਾ ਨਿਪੁੰਨ ਸ਼ਾਸਤਰੀ ਹੈ -
13ਮੈਂ ਇਹ ਆਗਿਆ ਦਿੰਦਾ ਹਾਂ ਕਿ ਇਸਰਾਏਲ ਦੇ ਜੋ ਲੋਕ ਅਤੇ ਉਨ੍ਹਾਂ ਦੇ ਜਾਜਕ ਅਤੇ ਲੇਵੀ ਜੋ ਮੇਰੇ ਰਾਜ ਵਿੱਚ ਹਨ, ਉਨ੍ਹਾਂ ਵਿੱਚੋਂ ਜਿੰਨੇ ਆਪਣੀ ਇੱਛਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦੇ ਹਨ, ਉਹ ਤੇਰੇ ਨਾਲ ਜਾਣ।
14ਤੂੰ ਰਾਜਾ ਅਤੇ ਉਸ ਦੇ ਸੱਤ ਮੰਤਰੀਆਂ ਵੱਲੋਂ ਇਸ ਲਈ ਭੇਜਿਆ ਜਾਂਦਾ ਹੈ ਕਿ ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਅਨੁਸਾਰ, ਜੋ ਤੇਰੇ ਹੱਥ ਵਿੱਚ ਹੈ, ਯਹੂਦਾਹ ਤੇ ਯਰੂਸ਼ਲਮ ਦੇ ਬਾਰੇ ਪੁੱਛ-ਗਿੱਛ ਕਰੇਂ।
15ਅਤੇ ਉਹ ਚਾਂਦੀ ਅਤੇ ਸੋਨਾ ਜੋ ਰਾਜਾ ਅਤੇ ਉਸ ਦੇ ਮੰਤਰੀਆਂ ਨੇ ਆਪਣੀ ਖੁਸ਼ੀ ਨਾਲ ਇਸਰਾਏਲ ਦੇ ਪਰਮੇਸ਼ੁਰ ਨੂੰ, ਜਿਸ ਦਾ ਭਵਨ ਯਰੂਸ਼ਲਮ ਵਿੱਚ ਹੈ ਭੇਟ ਕੀਤਾ ਹੈ, ਲੈ ਜਾਵੇਂ।
16ਨਾਲੇ ਜਿੰਨਾਂ ਚਾਂਦੀ ਤੇ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਅਤੇ ਖੁਸ਼ੀ ਦੀ ਭੇਟ ਜੋ ਲੋਕ ਤੇ ਜਾਜਕ ਆਪਣੇ ਪਰਮੇਸ਼ੁਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ, ਮਨ ਤੋਂ ਦੇਣ ਉਸ ਨੂੰ ਲੈ ਜਾਵੇਂ।
17ਅਤੇ ਉਸ ਪੈਸੇ ਨਾਲ ਤੂੰ ਫੁਰਤੀ ਕਰਕੇ ਵਹਿੜੇ ਤੇ ਭੇਡੂ ਤੇ ਲੇਲੇ ਅਤੇ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ ਤੇ ਪੀਣ ਦੀਆਂ ਭੇਟਾਂ ਮੁੱਲ ਲਈਂ ਤੇ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜੋ ਯਰੂਸ਼ਲਮ ਦੇ ਭਵਨ ਵਿੱਚ ਹੈ ਚੜ੍ਹਾਈਂ
18ਅਤੇ ਬਚੇ ਹੋਏ ਚਾਂਦੀ ਤੇ ਸੋਨੇ ਨਾਲ, ਜੋ ਕੁਝ ਤੈਨੂੰ ਅਤੇ ਤੇਰੇ ਭਰਾਵਾਂ ਨੂੰ ਚੰਗਾ ਲੱਗੇ ਆਪਣੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਿਓ।

19ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਦੇ ਲਈ ਜਿਹੜੇ ਭਾਂਡੇ ਤੈਨੂੰ ਸੌਂਪੇ ਜਾਂਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਸਨਮੁਖ ਦੇ ਦੇਵੀਂ।
20ਅਤੇ ਹੋਰ ਜੋ ਕੁਝ ਵੀ ਤੇਰੇ ਪਰਮੇਸ਼ੁਰ ਦੇ ਭਵਨ ਦੇ ਲਈ ਜ਼ਰੂਰੀ ਹੋਵੇ, ਜੋ ਤੈਨੂੰ ਦੇਣਾ ਪਵੇ, ਉਹ ਸ਼ਾਹੀ ਖਜ਼ਾਨੇ ਵਿੱਚੋਂ ਦੇ ਦੇਵੀਂ।
21“ਮੈਂ ਰਾਜਾ ਅਰਤਹਸ਼ਸ਼ਤਾ, ਆਪ ਦਰਿਆ ਪਾਰ ਦੇ ਸਾਰੇ ਖ਼ਜ਼ਾਨਚੀਆਂ ਨੂੰ ਆਗਿਆ ਦਿੰਦਾ ਹਾਂ, ਕਿ ਜੋ ਕੁਝ ਅਜ਼ਰਾ ਜਾਜਕ ਸਵਰਗੀ ਪਰਮੇਸ਼ੁਰ ਦੀ ਬਿਵਸਥਾ ਦਾ ਸ਼ਾਸਤਰੀ ਤੁਹਾਡੇ ਤੋਂ ਚਾਹੇ, ਉਹ ਤੁਰੰਤ ਪੂਰਾ ਕੀਤਾ ਜਾਵੇ।
22ਚਾਂਦੀ ਡੇਢ ਸੌ ਮਣ ਤੱਕ, ਕਣਕ ਸਾਢੇ ਸੱਤ ਸੌ ਮਣ ਤੱਕ, ਦਾਖ਼ਰਸ ਅਤੇ ਤੇਲ ਪੰਝੱਤਰ ਮਣ ਤੱਕ ਅਤੇ ਲੂਣ ਜਿੰਨ੍ਹੀਂ ਲੋੜ ਹੋਵੇ, ਦਿੱਤਾ ਜਾਵੇ।
23ਜੋ ਕੁਝ ਵੀ ਸਵਰਗੀ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ, ਠੀਕ ਉਸੇ ਤਰ੍ਹਾਂ ਹੀ ਸਵਰਗੀ ਪਰਮੇਸ਼ੁਰ ਦੇ ਭਵਨ ਦੇ ਲਈ ਕੀਤਾ ਜਾਵੇ, ਤਾਂ ਜੋ ਰਾਜਾ ਤੇ ਰਾਜਕੁਮਾਰਾਂ ਦੇ ਰਾਜ ਦੇ ਵਿਰੁੱਧ ਪਰਮੇਸ਼ੁਰ ਦਾ ਕ੍ਰੋਧ ਨਾ ਭੜਕੇ!
24ਅਤੇ ਅਸੀਂ ਤੁਹਾਨੂੰ ਚਿਤਾਉਣੀ ਦਿੰਦੇ ਹਾਂ ਕਿ ਜਾਜਕਾਂ ਤੇ ਲੇਵੀਆਂ ਤੇ ਗਾਇਕਾਂ ਤੇ ਦਰਬਾਨਾਂ ਤੇ ਨਥੀਨੀਮਾਂ ਅਤੇ ਪਰਮੇਸ਼ੁਰ ਦੇ ਭਵਨ ਦੇ ਸੇਵਕਾਂ ਵਿੱਚੋਂ ਕਿਸੇ ਤੋਂ ਵੀ ਲਗਾਨ, ਚੁੰਗੀ ਅਤੇ ਨਜ਼ਰਾਨਾ ਲੈਣ ਦੀ ਆਗਿਆ ਨਹੀਂ ਹੈ।
25ਅਤੇ ਹੇ ਅਜ਼ਰਾ, ਤੂੰ ਆਪਣੇ ਪਰਮੇਸ਼ੁਰ ਦੇ ਉਸ ਗਿਆਨ ਅਨੁਸਾਰ ਜੋ ਤੇਰੇ ਵਿੱਚ ਹੈ, ਹਾਕਮਾਂ ਅਤੇ ਨਿਆਂਈਆਂ ਨੂੰ ਨਿਯੁਕਤ ਕਰੀਂ ਤਾਂ ਜੋ ਦਰਿਆ ਪਾਰ ਦੇ ਸਾਰੇ ਲੋਕਾਂ ਦਾ ਜਿਹੜੇ ਤੇਰੇ ਪਰਮੇਸ਼ੁਰ ਦੀ ਬਿਵਸਥਾ ਨੂੰ ਜਾਣਦੇ ਹੋਣ, ਨਿਆਂ ਕਰਨ ਅਤੇ ਜਿਹੜੇ ਨਾ ਜਾਣਦੇ ਹੋਣ ਉਹਨਾਂ ਨੂੰ ਤੁਸੀਂ ਸਿਖਾਉ।
26ਅਤੇ ਜੋ ਕੋਈ ਤੇਰੇ ਪਰਮੇਸ਼ੁਰ ਦੀ ਬਿਵਸਥਾ ਅਤੇ ਰਾਜਾ ਦੇ ਨਿਯਮ ਨਾ ਮੰਨੇ, ਉਸ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ, ਭਾਵੇਂ ਮੌਤ ਜਾਂ ਦੇਸ਼ ਨਿਕਾਲਾ ਜਾਂ ਮਾਲ ਦੀ ਜ਼ਬਤੀ ਜਾਂ ਕੈਦ ਦੀ ਸਜ਼ਾ।”
27ਧੰਨ ਹੈ ਯਹੋਵਾਹ! ਸਾਡੇ ਪੁਰਖਿਆਂ ਦਾ ਪਰਮੇਸ਼ੁਰ, ਜਿਸ ਨੇ ਇਹੋ ਜਿਹੀ ਗੱਲ ਰਾਜਾ ਦੇ ਮਨ ਵਿੱਚ ਪਾਈ ਕਿ ਉਹ ਯਹੋਵਾਹ ਦੇ ਭਵਨ ਦਾ ਸਤਿਕਾਰ ਕਰੇ ਜੋ ਯਰੂਸ਼ਲਮ ਵਿੱਚ ਹੈ।
28ਅਤੇ ਰਾਜਾ ਤੇ ਉਸ ਦੇ ਮੰਤਰੀਆਂ ਦੇ ਸਨਮੁਖ ਅਤੇ ਰਾਜਾ ਦੇ ਸਾਰੇ ਬਲਵੰਤ ਹਾਕਮਾਂ ਦੇ ਅੱਗੇ, ਮੇਰੇ ਉੱਤੇ ਕਿਰਪਾ ਦੀ ਨਜ਼ਰ ਕੀਤੀ ਹੈ। ਇਸ ਲਈ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੱਥੋਂ, ਜੋ ਮੇਰੇ ਉੱਤੇ ਸੀ ਬਲ ਪਾਇਆ ਅਤੇ ਮੈਂ ਇਸਰਾਏਲ ਵਿੱਚੋਂ ਆਗੂਆਂ ਨੂੰ ਇਕੱਠਾ ਕੀਤਾ ਤਾਂ ਜੋ ਉਹ ਮੇਰੇ ਨਾਲ ਅੱਗੇ ਚੱਲਣ।