Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਹੋਸ਼ੇ

ਹੋਸ਼ੇ 4

Help us?
Click on verse(s) to share them!
1ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ, ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ, ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ, ਨਾ ਪਰਮੇਸ਼ੁਰ ਦਾ ਗਿਆਨ ਹੈ!
2ਗਾਲ੍ਹਾਂ, ਝੂਠ, ਖ਼ੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ, ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!
3ਇਸ ਲਈ ਦੇਸ ਸੋਗ ਕਰੇਗਾ, ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, - ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ!
4ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ, ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ।
5ਦਿਨੇ ਤੂੰ ਠੋਕਰ ਖਾਵੇਂਗਾ, ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ, ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ।
6ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ ਹੁੰਦੀ ਹੈ, - ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ, ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ, ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ, ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ।
7ਜਿਵੇਂ-ਜਿਵੇਂ ਉਹ ਵਧੇ ਤਿਵੇਂ-ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ, ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ।
8ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ, ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ।
9ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, - ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ, ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ।
10ਉਹ ਖਾਣਗੇ ਪਰ ਰੱਜਣਗੇ ਨਾ, ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ, ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ।
11ਵਿਭਚਾਰ, ਮਧ ਅਤੇ ਨਵੀਂ ਮੈਅ, ਇਹ ਮੱਤ ਮਾਰ ਲੈਂਦੀਆਂ ਹਨ।
12ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ, ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ, ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ, ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ।
13ਉਹ ਪਰਬਤਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ, ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ। ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ, ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ।
14ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ, ਜਦ ਉਹ ਵਿਭਚਾਰ ਕਰਨ, ਨਾ ਤੁਹਾਡੀਆਂ ਵਹੁਟੀਆਂ ਨੂੰ, ਜਦ ਉਹ ਹਰਾਮਕਾਰੀ ਕਰਨ, ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ, ਅਤੇ ਦੇਵਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ! ਸਮਝਹੀਣ ਲੋਕ ਬਰਬਾਦ ਹੋ ਜਾਣਗੇ।
15ਭਾਵੇਂ, ਹੇ ਇਸਰਾਏਲ, ਤੂੰ ਵਿਭਚਾਰ ਕਰੇਂ, ਪਰ ਯਹੂਦਾਹ ਦੋਸ਼ੀ ਨਾ ਬਣੇ। ਗਿਲਗਾਲ ਨੂੰ ਨਾ ਆਓ, ਬੈਤ-ਆਵਨ ਨੂੰ ਨਾ ਚੜ੍ਹੋ, ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ।
16ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ, ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁੱਲ੍ਹੀ ਜੂਹ ਵਿੱਚ ਚਰਾਵੇਗਾ।
17ਇਫ਼ਰਾਈਮ ਬੁੱਤਾਂ ਨੂੰ ਜੱਫ਼ੀ ਪਾ ਬੈਠਾ ਹੈ, ਉਹ ਨੂੰ ਛੱਡ ਦਿਓ!
18ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ, ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ।

19ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ, ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ।