11“ਹਾਰੂਨ ਉਸ ਪਾਪ ਬਲੀ ਦੀ ਭੇਟ ਦੇ ਬਲ਼ਦ ਨੂੰ ਜੋ ਉਸਨੇ ਆਪਣੇ ਲਈ ਲਿਆ ਹੈ, ਲਿਆਵੇ ਅਤੇ ਉਸ ਨੂੰ ਵੱਢ ਕੇ ਆਪਣੇ ਲਈ ਅਤੇ ਆਪਣੇ ਘਰਾਣੇ ਲਈ ਪ੍ਰਾਸਚਿਤ ਕਰੇ।
12ਅਤੇ ਉਹ ਜਗਵੇਦੀ ਦੇ ਉੱਤੋਂ ਕੋਲਿਆਂ ਦੀ ਅੱਗ ਨਾਲ ਧੂਪਦਾਨੀ ਨੂੰ ਭਰੇ ਅਤੇ ਆਪਣੇ ਦੋਵੇਂ ਹੱਥਾਂ ਵਿੱਚ ਮਹੀਨ ਕੁੱਟੇ ਹੋਏ ਸੁਗੰਧ ਧੂਪ ਨੂੰ ਭਰ ਕੇ ਪਰਦੇ ਦੇ ਅੰਦਰ ਲੈ ਆਵੇ।
13ਉਹ ਉਸ ਧੂਪ ਨੂੰ ਯਹੋਵਾਹ ਦੇ ਅੱਗੇ ਅੱਗ ਦੇ ਉੱਤੇ ਪਾਵੇ, ਤਾਂ ਜੋ ਧੂਪ ਦਾ ਧੂੰਆਂ ਪ੍ਰਾਸਚਿਤ ਦੇ ਸਰਪੋਸ਼ ਨੂੰ ਜੋ ਸਾਖੀ ਦੇ ਉੱਤੇ ਹੈ, ਢੱਕ ਲਵੇ, ਤਾਂ ਜੋ ਉਹ ਮਰ ਨਾ ਜਾਵੇ।
14ਤਦ ਉਹ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਪੂਰਬ ਦੀ ਵੱਲ ਉਸ ਨੂੰ ਪ੍ਰਾਸਚਿਤ ਦੇ ਸਰਪੋਸ਼ ਉੱਤੇ ਆਪਣੀ ਉਂਗਲ ਨਾਲ ਛਿੜਕੇ ਅਤੇ ਫੇਰ ਉਸ ਲਹੂ ਵਿੱਚੋਂ ਕੁਝ ਆਪਣੀ ਉਂਗਲ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਸੱਤ ਵਾਰੀ ਛਿੜਕੇ।”
15“ਫੇਰ ਉਹ ਪਾਪ ਬਲੀ ਦੀ ਭੇਟ ਦੇ ਬੱਕਰੇ ਨੂੰ ਜੋ ਲੋਕਾਂ ਦੇ ਲਈ ਹੈ, ਵੱਢੇ ਅਤੇ ਉਸ ਦਾ ਲਹੂ ਪਰਦੇ ਦੇ ਅੰਦਰ ਲਿਆਵੇ ਅਤੇ ਜਿਵੇਂ ਉਸ ਨੇ ਬਲ਼ਦ ਦੇ ਲਹੂ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਉਸ ਦੇ ਲਹੂ ਨਾਲ ਕਰੇ ਅਰਥਾਤ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਅਤੇ ਉਸ ਦੇ ਸਾਹਮਣੇ ਉਸ ਨੂੰ ਛਿੜਕੇ।”
16ਅਤੇ ਉਹ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈ, ਅਤੇ ਉਨ੍ਹਾਂ ਦੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦੇ ਕਾਰਨ, ਪਵਿੱਤਰ ਸਥਾਨ ਦੇ ਲਈ ਪ੍ਰਾਸਚਿਤ ਕਰੇ ਅਤੇ ਇਸੇ ਤਰ੍ਹਾਂ ਹੀ ਉਹ ਮੰਡਲੀ ਦੇ ਡੇਰੇ ਦੇ ਲਈ ਕਰੇ ਜਿਹੜਾ ਉਨ੍ਹਾਂ ਦੀ ਅਸ਼ੁੱਧਤਾਈ ਦੇ ਵਿਚਕਾਰ ਰਹਿੰਦਾ ਹੈ।
17ਜਿਸ ਵੇਲੇ ਹਾਰੂਨ ਪਵਿੱਤਰ ਸਥਾਨ ਵਿੱਚ ਪ੍ਰਾਸਚਿਤ ਕਰਨ ਲਈ ਜਾਵੇ, ਤਾਂ ਜਦ ਤੱਕ ਉਹ ਆਪਣੇ ਲਈ, ਆਪਣੇ ਘਰਾਣੇ ਦੇ ਲਈ ਅਤੇ ਇਸਰਾਏਲ ਦੀ ਸਾਰੀ ਮੰਡਲੀ ਦੇ ਲਈ ਪ੍ਰਾਸਚਿਤ ਪੂਰਾ ਕਰਕੇ ਬਾਹਰ ਨਾ ਨਿੱਕਲੇ, ਤਦ ਤੱਕ ਮੰਡਲੀ ਦੇ ਡੇਰੇ ਵਿੱਚ ਹੋਰ ਕੋਈ ਮਨੁੱਖ ਨਾ ਜਾਵੇ।
18ਫੇਰ ਉਹ ਨਿੱਕਲ ਕੇ ਉਸ ਜਗਵੇਦੀ ਦੇ ਕੋਲ ਜਾਵੇ ਜਿਹੜੀ ਯਹੋਵਾਹ ਦੇ ਅੱਗੇ ਹੈ, ਅਤੇ ਉਸ ਦੇ ਲਈ ਪ੍ਰਾਸਚਿਤ ਕਰੇ ਅਤੇ ਬਲ਼ਦ ਦੇ ਲਹੂ ਅਤੇ ਬੱਕਰੇ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਦੇ ਸਿੰਗਾਂ ਉੱਤੇ ਅਤੇ ਆਲੇ-ਦੁਆਲੇ ਛਿੜਕੇ।
19ਅਤੇ ਉਹ ਉਸ ਲਹੂ ਤੋਂ ਆਪਣੀ ਉਂਗਲ ਨਾਲ ਕੁਝ ਲੈ ਕੇ ਸੱਤ ਵਾਰੀ ਉਸ ਦੇ ਉੱਤੇ ਛਿੜਕੇ ਅਤੇ ਇਸਰਾਏਲੀਆਂ ਦੀ ਅਲੱਗ-ਅਲੱਗ ਅਸ਼ੁੱਧਤਾਈਆਂ ਤੋਂ ਉਸ ਨੂੰ ਪਵਿੱਤਰ ਕਰੇ।
20ਜਦ ਉਹ ਪਵਿੱਤਰ ਸਥਾਨ ਅਤੇ ਮੰਡਲੀ ਦੇ ਡੇਰੇ ਅਤੇ ਜਗਵੇਦੀ ਦਾ ਪ੍ਰਾਸਚਿਤ ਪੂਰਾ ਕਰ ਲਵੇ ਤਾਂ ਜੀਉਂਦੇ ਬੱਕਰੇ ਨੂੰ ਲਿਆਵੇ,
21ਅਤੇ ਹਾਰੂਨ ਆਪਣੇ ਦੋਹਾਂ ਹੱਥਾਂ ਨੂੰ ਜੀਉਂਦੇ ਬੱਕਰੇ ਦੇ ਸਿਰ ਉੱਤੇ ਰੱਖੇ ਅਤੇ ਇਸਰਾਏਲੀਆਂ ਦੀਆਂ ਬਦੀਆਂ, ਉਨ੍ਹਾਂ ਦੇ ਸਾਰੇ ਪਾਪਾਂ, ਅਤੇ ਉਨ੍ਹਾਂ ਦੇ ਸਾਰੇ ਅਪਰਾਧਾਂ ਦਾ ਇਕਰਾਰ ਕਰੇ ਅਤੇ ਉਨ੍ਹਾਂ ਨੂੰ ਬੱਕਰੇ ਦੇ ਸਿਰ ਉੱਤੇ ਰੱਖ ਕੇ ਉਸ ਨੂੰ ਕਿਸੇ ਮਨੁੱਖ ਦੇ ਹੱਥ ਜਿਹੜਾ ਇਸ ਕੰਮ ਲਈ ਤਿਆਰ ਹੋਵੇ, ਉਜਾੜ ਵਿੱਚ ਭੇਜ ਦੇਵੇ।