5ਹਾਏ ਅੱਸ਼ੂਰ ਦੇ ਰਾਜੇ ਉੱਤੇ - ਮੇਰੇ ਕ੍ਰੋਧ ਦੇ ਡੰਡੇ ਉੱਤੇ! ਉਹ ਲਾਠੀ ਜਿਹੜੀ ਉਹ ਦੇ ਹੱਥ ਵਿੱਚ ਹੈ, ਉਹ ਮੇਰਾ ਕਹਿਰ ਹੈ।
6ਮੈਂ ਉਹ ਨੂੰ ਇੱਕ ਕੁਧਰਮੀ ਕੌਮ ਦੇ ਵਿਰੁੱਧ ਘੱਲਾਂਗਾ, ਅਤੇ ਜਿਨ੍ਹਾਂ ਲੋਕਾਂ ਉੱਤੇ ਮੇਰਾ ਕਹਿਰ ਭੜਕਿਆ ਹੈ, ਉਨ੍ਹਾਂ ਵਿਰੁੱਧ ਹੁਕਮ ਦਿਆਂਗਾ, ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ, ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।
7ਪਰ ਉਹ ਦਾ ਇਹ ਇਰਾਦਾ ਨਹੀਂ, ਨਾ ਉਹ ਦਾ ਮਨ ਅਜਿਹਾ ਸੋਚਦਾ ਹੈ, ਸਗੋਂ ਉਹ ਦੇ ਮਨ ਵਿੱਚ ਤਾਂ ਨਾਸ ਕਰਨਾ, ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ।
8ਉਹ ਤਾਂ ਆਖਦਾ ਹੈ, ਭਲਾ ਮੇਰੇ ਸਾਰੇ ਸੂਬੇਦਾਰ ਰਾਜਿਆਂ ਵਰਗੇ ਨਹੀਂ?
9ਕੀ ਕਲਨੋ, ਕਰਕਮੀਸ਼ ਵਰਗਾ ਨਹੀਂ? ਕੀ ਹਮਾਥ, ਅਰਪਾਦ ਵਰਗਾ ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ?
10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ, ਜਿਨ੍ਹਾਂ ਦੀਆਂ ਖੋਦੀਆਂ ਹੋਈਆਂ ਮੂਰਤੀਆਂ, ਯਰੂਸ਼ਲਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਬਹੁਤੀਆਂ ਸਨ,
11ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ, ਭਲਾ, ਉਸੇ ਤਰ੍ਹਾਂ ਹੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?
12ਤਦ ਅਜਿਹਾ ਹੋਵੇਗਾ ਕਿ ਜਦ ਪ੍ਰਭੂ ਸੀਯੋਨ ਦੇ ਪਰਬਤ ਅਤੇ ਯਰੂਸ਼ਲਮ ਵਿੱਚ ਆਪਣਾ ਸਾਰਾ ਕੰਮ ਮੁਕਾ ਲਵੇਗਾ, ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।
13ਉਹ ਤਾਂ ਆਖਦਾ ਹੈ, ਮੈਂ ਆਪਣੇ ਹੱਥ ਦੇ ਬਲ ਨਾਲ ਇਹ ਕੀਤਾ, ਨਾਲੇ ਆਪਣੀ ਬੁੱਧੀ ਨਾਲ ਕਿਉਂ ਜੋ ਮੈਂ ਸਮਝ ਰੱਖਦਾ ਹਾਂ! ਮੈਂ ਲੋਕਾਂ ਦੀਆਂ ਸਾਰੀਆਂ ਹੱਦਾਂ ਨੂੰ ਸਰਕਾਇਆ ਅਤੇ ਉਨ੍ਹਾਂ ਦੇ ਰੱਖੇ ਹੋਏ ਮਾਲ-ਧਨ ਨੂੰ ਲੁੱਟਿਆ, ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ!