2ਜਦ ਅੱਜ਼ਾਹ ਦੇ ਲੋਕਾਂ ਨੂੰ ਖ਼ਬਰ ਮਿਲੀ ਕਿ ਸਮਸੂਨ ਇੱਥੇ ਆਇਆ ਹੈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ, ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਘਾਤ ਵਿੱਚ ਬੈਠੇ ਰਹੇ। ਉਹ ਸਾਰੀ ਰਾਤ ਇਹ ਕਹਿ ਕੇ ਚੁੱਪ-ਚਾਪ ਰਹੇ ਕਿ ਸਵੇਰ ਹੁੰਦੇ ਹੀ ਅਸੀਂ ਉਸ ਨੂੰ ਮਾਰ ਦਿਆਂਗੇ।
3ਪਰ ਸਮਸੂਨ ਅੱਧੀ ਰਾਤ ਤੱਕ ਪਿਆ ਰਿਹਾ ਅਤੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਫਾਟਕ ਦੇ ਦੋਹਾਂ ਪੱਲਿਆਂ ਨੂੰ ਕਬਜ਼ਿਆਂ ਸਮੇਤ ਪੁੱਟ ਲਿਆ ਅਤੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਉਸ ਪਰਬਤ ਦੀ ਚੋਟੀ ਉੱਤੇ ਲੈ ਗਿਆ ਜੋ ਹਬਰੋਨ ਦੇ ਸਾਹਮਣੇ ਹੈ!
4ਕੁਝ ਸਮੇਂ ਬਾਅਦ ਅਜਿਹਾ ਹੋਇਆ ਕਿ ਉਹ ਸੋਰੇਕ ਦੀ ਘਾਟੀ ਵਿੱਚ ਰਹਿਣ ਵਾਲੀ ਇੱਕ ਇਸਤਰੀ ਨਾਲ ਪਿਆਰ ਕਰਨ ਲੱਗਾ ਜਿਸ ਦਾ ਨਾਮ ਦਲੀਲਾਹ ਸੀ।
5ਫ਼ਲਿਸਤੀਆਂ ਦੇ ਸਰਦਾਰਾਂ ਨੇ ਉਸ ਇਸਤਰੀ ਦੇ ਕੋਲ ਜਾ ਕੇ ਕਿਹਾ, “ਤੂੰ ਉਸ ਨੂੰ ਫੁਸਲਾ ਕੇ ਪਤਾ ਕਰ ਕਿ ਉਸ ਦੀ ਵੱਡੀ ਸ਼ਕਤੀ ਦਾ ਕੀ ਭੇਤ ਹੈ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਵੱਸ ਵਿੱਚ ਕਰੀਏ ਕਿ ਉਸ ਨੂੰ ਬੰਨ੍ਹ ਕੇ ਅਧੀਨ ਕਰ ਲਈਏ, ਤਾਂ ਸਾਡੇ ਸਾਰਿਆਂ ਵਿੱਚੋਂ ਹਰ ਇੱਕ ਵਿਅਕਤੀ ਤੈਨੂੰ ਗਿਆਰਾਂ-ਗਿਆਰਾਂ ਸੌ ਚਾਂਦੀ ਦੇ ਸਿੱਕੇ ਦੇਵੇਗਾ।”
6ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਇਹ ਦੱਸ ਕਿ ਤੇਰੀ ਇਸ ਵੱਡੀ ਸ਼ਕਤੀ ਦਾ ਕੀ ਭੇਤ ਹੈ, ਅਤੇ ਤੈਨੂੰ ਕੋਈ ਕਿਸ ਤਰ੍ਹਾਂ ਬੰਨ੍ਹੇ ਕਿ ਤੈਨੂੰ ਅਧੀਨ ਕਰ ਲਵੇ?”
7ਸਮਸੂਨ ਨੇ ਉਸ ਨੂੰ ਕਿਹਾ, “ਜੇਕਰ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੀ ਹੋ ਜਾਂਵਾਂਗਾ।”
8ਤਦ ਫ਼ਲਿਸਤੀਆਂ ਦੇ ਸਰਦਾਰ ਸੱਤ ਹਰੀਆਂ ਛੰਮਕਾਂ ਜੋ ਅਜੇ ਸੁੱਕੀਆਂ ਨਹੀਂ ਸਨ, ਉਸ ਇਸਤਰੀ ਕੋਲ ਲੈ ਆਏ ਅਤੇ ਉਸ ਨੇ ਉਨ੍ਹਾਂ ਨਾਲ ਸਮਸੂਨ ਨੂੰ ਬੰਨ੍ਹਿਆ।
9ਉਸ ਦੇ ਕੋਲ ਕੁਝ ਮਨੁੱਖ ਕੋਠੜੀ ਦੇ ਅੰਦਰ ਘਾਤ ਲਾ ਕੇ ਬੈਠੇ ਸਨ। ਤਦ ਦਲੀਲਾਹ ਨੇ ਉਸ ਨੂੰ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਤਾਂ ਉਸ ਨੇ ਛੰਮਕਾਂ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਿਵੇਂ ਸਣ ਦੀ ਲੱਟ ਅੱਗ ਨਾਲ ਸੜ ਜਾਂਦੀ ਹੈ, ਅਤੇ ਉਸ ਦੀ ਸ਼ਕਤੀ ਦਾ ਪਤਾ ਨਾ ਲੱਗਾ।
10ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਵੇਖ ਤੂੰ ਮੇਰੇ ਨਾਲ ਮਖ਼ੌਲ ਕੀਤਾ ਅਤੇ ਮੈਨੂੰ ਝੂਠ ਆਖਿਆ, ਹੁਣ ਮੈਨੂੰ ਦੱਸ ਕਿ ਤੂੰ ਕਿਸ ਤਰ੍ਹਾਂ ਬੰਨ੍ਹਿਆ ਜਾ ਸਕਦਾ ਹੈਂ।”
11ਉਸ ਨੇ ਉਹ ਨੂੰ ਕਿਹਾ, “ਜੇਕਰ ਮੈਨੂੰ ਨਵੀਆਂ ਰੱਸੀਆਂ ਨਾਲ ਜੋ ਕਦੀ ਵਰਤੀਆਂ ਨਾ ਗਈਆਂ ਹੋਣ, ਘੁੱਟ ਕੇ ਬੰਨ੍ਹਿਆ ਜਾਵੇ ਤਾਂ ਮੈਂ ਨਿਰਬਲ ਹੋ ਜਾਂਵਾਂਗਾ ਅਤੇ ਸਧਾਰਨ ਮਨੁੱਖ ਵਰਗਾ ਹੋ ਜਾਂਵਾਂਗਾ।”
12ਤਦ ਦਲੀਲਾਹ ਨਵੀਆਂ ਰੱਸੀਆਂ ਲਿਆਈ ਅਤੇ ਉਨ੍ਹਾਂ ਨਾਲ ਉਸ ਨੂੰ ਬੰਨ੍ਹ ਕੇ ਕਿਹਾ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ!” ਅਤੇ ਘਾਤ ਲਾਉਣ ਵਾਲੇ ਉਸ ਕੋਠੜੀ ਵਿੱਚ ਲੁਕੇ ਹੋਏ ਸਨ। ਤਦ ਉਸ ਨੇ ਆਪਣੀਆਂ ਬਾਹਾਂ ਉੱਤੋਂ ਰੱਸੀਆਂ ਨੂੰ ਧਾਗੇ ਵਾਂਗੂੰ ਤੋੜ ਸੁੱਟਿਆ।