19ਇਸ ਔਰਤ ਦਾ ਬੱਚਾ ਰਾਤ ਨੂੰ ਮਰ ਗਿਆ ਕਿਉਂ ਜੋ ਇਹ ਉਹ ਦੇ ਉੱਤੇ ਲੇਟ ਗਈ ਸੀ।
20ਤਦ ਇਹ ਅੱਧੀ ਰਾਤ ਨੂੰ ਉੱਠੀ, ਜਦ ਤੇਰੀ ਦਾਸੀ ਸੁੱਤੀ ਹੋਈ ਸੀ, ਤਾਂ ਮੇਰੇ ਬੱਚੇ ਨੂੰ ਮੇਰੇ ਨਾਲੋਂ ਲਿਆ ਅਤੇ ਆਪਣੀ ਹਿੱਕ ਨਾਲ ਲਿਟਾ ਲਿਆ ਅਤੇ ਆਪਣਾ ਮੁਰਦਾ ਬੱਚਾ ਮੇਰੀ ਹਿੱਕ ਨਾਲ ਲਿਟਾ ਦਿੱਤਾ।
21ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮਰਿਆ ਪਿਆ ਸੀ, ਪਰ ਜਦ ਸਵੇਰ ਦੇ ਚਾਨਣ ਵਿੱਚ ਮੈਂ ਉਸ ਨੂੰ ਧਿਆਨ ਦੇ ਨਾਲ ਵੇਖਿਆ, ਤਾਂ ਇਹ ਮੇਰਾ ਬੱਚਾ ਨਹੀਂ ਸੀ l
22ਤਦ ਦੂਜੀ ਔਰਤ ਨੇ ਆਖਿਆ, ਇਸ ਤਰ੍ਹਾਂ ਨਹੀਂ ਹੈ, ਸਗੋਂ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ। ਪਹਿਲੀ ਨੇ ਆਖਿਆ, ਇਸ ਤਰ੍ਹਾਂ ਨਹੀਂ ਤੇਰਾ ਬੱਚਾ ਮਰਿਆ ਹੋਇਆ ਹੈ ਅਤੇ ਮੇਰਾ ਬੱਚਾ ਜਿਉਂਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ਪਾਤਸ਼ਾਹ ਦੇ ਸਨਮੁਖ ਗੱਲਾਂ ਕੀਤੀਆਂ।
23ਤਦ ਪਾਤਸ਼ਾਹ ਨੇ ਆਖਿਆ, ਇੱਕ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ ਹੈ ਅਤੇ ਦੂਸਰੀ ਆਖਦੀ ਹੈ ਕਿ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਇਸ ਦਾ।
24ਪਾਤਸ਼ਾਹ ਨੇ ਆਖਿਆ, ਮੇਰੇ ਲਈ ਇੱਕ ਤਲਵਾਰ ਲੈ ਆਓ ਤਾਂ ਉਹ ਪਾਤਸ਼ਾਹ ਦੇ ਸਨਮੁਖ ਇੱਕ ਤਲਵਾਰ ਲੈ ਆਏ।
25ਪਾਤਸ਼ਾਹ ਨੇ ਆਖਿਆ, ਇਸ ਜਿਉਂਦੇ ਬੱਚੇ ਨੂੰ ਦੋ ਹਿੱਸਿਆਂ ਵਿੱਚ ਚੀਰ ਸੁੱਟੋ। ਅੱਧਾ ਇੱਕ ਨੂੰ ਦੇ ਦਿਓ ਅਤੇ ਅੱਧਾ ਦੂਜੀ ਨੂੰ।