11ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ।
12ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ।
13ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ।
15ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ।
16ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਬਲੀਦਾਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।