11 ਪਰ ਜੇਕਰ ਜਾਜਕ ਕਿਸੇ ਮਨੁੱਖ ਨੂੰ ਆਪਣਾ ਪੈਸਾ ਦੇ ਕੇ ਮੁੱਲ ਲਵੇ, ਤਾਂ ਉਹ ਮਨੁੱਖ ਉਸ ਵਿੱਚੋਂ ਖਾ ਸਕਦਾ ਹੈ ਅਤੇ ਉਹ ਜੋ ਜਾਜਕ ਦੇ ਘਰ ਵਿੱਚ ਜੰਮਿਆ ਹੋਵੇ, ਉਹ ਵੀ ਉਸ ਭੋਜਨ ਵਿੱਚੋਂ ਖਾ ਸਕਦਾ ਹੈ।
12 ਜੇਕਰ ਜਾਜਕ ਦੀ ਧੀ ਕਿਸੇ ਪਰਾਏ ਮਨੁੱਖ ਨਾਲ ਵਿਆਹੀ ਜਾਵੇ, ਤਾਂ ਉਹ ਪਵਿੱਤਰ ਵਸਤੂਆਂ ਦੀ ਭੇਟ ਵਿੱਚੋਂ ਨਾ ਖਾਵੇ।
13 ਪਰ ਜੇਕਰ ਜਾਜਕ ਦੀ ਧੀ ਵਿਧਵਾ ਜਾਂ ਪਤੀ ਵੱਲੋਂ ਤਿਆਗੀ ਹੋਈ ਹੋਵੇ ਅਤੇ ਉਸ ਦੀ ਕੋਈ ਸੰਤਾਨ ਨਾ ਹੋਵੇ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਪਿਤਾ ਦੇ ਘਰ ਵਿੱਚ ਰਹਿੰਦੀ ਹੋਵੇ ਤਾਂ ਉਹ ਆਪਣੇ ਪਿਤਾ ਦੇ ਭੋਜਨ ਵਿੱਚੋਂ ਖਾਵੇ, ਪਰ ਕੋਈ ਪਰਾਇਆ ਉਸ ਵਿੱਚੋਂ ਨਾ ਖਾਵੇ।
14 ਜੇਕਰ ਕੋਈ ਮਨੁੱਖ ਅਣਜਾਣੇ ਵਿੱਚ ਪਵਿੱਤਰ ਵਸਤੂਆਂ ਵਿੱਚੋਂ ਖਾ ਲਵੇ ਤਾਂ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਹੋਰ ਮਿਲਾ ਕੇ ਜਾਜਕ ਨੂੰ ਪਵਿੱਤਰ ਵਸਤੂ ਦੇ ਦੇਵੇ।
15 ਅਤੇ ਉਹ ਇਸਰਾਏਲੀਆਂ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਜਿਨ੍ਹਾਂ ਨੂੰ ਉਹ ਭੇਟ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਨਿਰਾਦਰ ਨਾ ਕਰਨ।
16 ਉਹ ਉਨ੍ਹਾਂ ਨੂੰ ਆਪਣੀਆਂ ਪਵਿੱਤਰ ਵਸਤੂਆਂ ਵਿੱਚੋਂ ਖੁਆ ਕੇ, ਉਨ੍ਹਾਂ ਉੱਤੇ ਬਦੀ ਦਾ ਦੋਸ਼ ਨਾ ਲਿਆਉਣ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਬਲੀਦਾਨਾਂ ਨੂੰ ਪਵਿੱਤਰ ਕਰਨ ਵਾਲਾ ਹਾਂ।