36ਫੇਰ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਜੋ ਮੇਰੇ ਨਾਲ ਭੋਜਨ ਕਰ। ਤਦ ਉਹ ਫ਼ਰੀਸੀ ਦੇ ਘਰ ਜਾ ਕੇ ਖਾਣ ਬੈਠ ਗਿਆ।
37ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਫ਼ਰੀਸੀ ਦੇ ਘਰ ਭੋਜਨ ਕਰ ਰਿਹਾ ਹੈ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ।
38ਅਤੇ ਉਹ ਉਸ ਦੇ ਚਰਨਾਂ ਦੇ ਕੋਲ ਖਲੋ ਕੇ ਰੋਂਦੀ-ਰੋਂਦੀ ਹੰਝੂਆਂ ਨਾਲ ਉਸ ਦੇ ਪੈਰ ਧੋਣ ਲੱਗੀ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝ ਕੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਮਲਿਆ।
39ਅਤੇ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਭੋਜਨ ਤੇ ਬੁਲਾਇਆ ਸੀ ਆਪਣੇ ਮਨ ਵਿੱਚ ਕਹਿਣ ਲੱਗਾ ਕਿ ਇਹ ਮਨੁੱਖ ਜੇਕਰ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਇਹ ਔਰਤ ਜੋ ਉਸ ਨੂੰ ਛੂੰਹਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।
40ਯਿਸੂ ਨੇ ਉਸ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ, ਸ਼ਮਊਨ, ਮੈਂ ਤੈਨੂੰ ਕੁਝ ਆਖਣਾ ਹੈ। ਤਾਂ ਉਹ ਬੋਲਿਆ, ਗੁਰੂ ਜੀ ਦੱਸੋ।
41ਯਿਸੂ ਨੇ ਕਿਹਾ, “ਕਿਸੇ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਢਾਈ ਸੌ ਰੁਪਏ ਦਾ ਅਤੇ ਦੂਜਾ ਪੰਜਾਹਾਂ ਦਾ।”
42ਜਦ ਉਨ੍ਹਾਂ ਦੇ ਕੋਲ ਵਾਪਸ ਕਰਨ ਲਈ ਕੁਝ ਨਾ ਸੀ ਤਾਂ ਉਸ ਨੇ ਦੋਵਾਂ ਦਾ ਕਰਜ਼ ਮਾਫ਼ ਕਰ ਦਿੱਤਾ ਸੀ। ਮੈਨੂੰ ਦੱਸ ਉਨ੍ਹਾਂ ਵਿੱਚੋਂ ਉਸ ਨਾਲ ਜ਼ਿਆਦਾ ਪਿਆਰ ਕੌਣ ਕਰੇਗਾ?
43ਸ਼ਮਊਨ ਨੇ ਉੱਤਰ ਦਿੱਤਾ, ਮੇਰੀ ਸਮਝ ਵਿੱਚ ਉਹ ਜਿਸ ਨੂੰ ਉਸ ਨੇ ਜ਼ਿਆਦਾ ਮਾਫ਼ ਕੀਤਾ। ਤਾਂ ਉਸ ਨੇ ਉਸ ਨੂੰ ਆਖਿਆ, ਤੂੰ ਠੀਕ ਫ਼ੈਸਲਾ ਕੀਤਾ।
44ਫਿਰ ਉਸ ਨੇ ਔਰਤ ਵੱਲ ਮੂੰਹ ਫੇਰ ਕੇ ਸ਼ਮਊਨ ਨੂੰ ਕਿਹਾ, ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ ਪਰ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਇਸ ਨੇ ਮੇਰੇ ਪੈਰ ਹੰਝੂਆਂ ਨਾਲ ਧੋਤੇ ਅਤੇ ਆਪਣੇ ਵਾਲਾਂ ਨਾਲ ਪੂੰਝੇ ਹਨ।