3ਮੈਂ ਤਾਂ ਉਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ, ਕਿ ਕੋਈ ਆਪਣੇ ਆਪ ਨੂੰ ਜਿੰਨਾਂ ਉਸ ਨੂੰ ਚਾਹੀਦਾ ਹੈ, ਉਸ ਨਾਲੋਂ ਵੱਧ ਨਾ ਸਮਝੇ ਪਰ ਜਿਵੇਂ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਵਿਸ਼ਵਾਸ ਵੰਡ ਦਿੱਤਾ ਹੈ, ਉਵੇਂ ਹੀ ਸੁਰਤ ਨਾਲ ਸਮਝੇ।
4ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹੁੰਦੇ ਹਨ, ਪਰ ਸਾਰਿਆਂ ਅੰਗਾਂ ਦਾ ਇੱਕੋ ਹੀ ਕੰਮ ਨਹੀਂ।
5ਉਸੇ ਤਰ੍ਹਾਂ ਅਸੀਂ ਵੀ ਜੋ ਬਹੁਤ ਸਾਰੇ ਹਾਂ ਮਸੀਹ ਵਿੱਚ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ ਦੂਜੇ ਦੇ ਅੰਗ ਹਾਂ।
6ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ-ਵੱਖ ਵਰਦਾਨ ਮਿਲੇ ਹਨ। ਫੇਰ ਜੇ ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਮਿਲਿਆ ਹੋਵੇ ਤਾਂ ਉਹ ਆਪਣੇ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੇ।
7ਅਤੇ ਜੇ ਸੇਵਾ ਕਰਨ ਦਾ ਦਾਨ ਮਿਲਿਆ ਹੋਵੇ ਤਾਂ ਉਹ ਸੇਵਾ ਕਰਨ ਵਿੱਚ ਲੱਗਿਆ ਰਹੇ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿਖਾਉਣ ਦੇ ਕੰਮ ਵਿੱਚ ਲੱਗਿਆ ਰਹੇ।
8ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਿਆ ਰਹੇ, ਦਾਨ ਦੇਣ ਵਾਲਾ ਖੁੱਲ੍ਹੇ ਦਿਲ ਨਾਲ ਦੇਵੇ, ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ, ਦਯਾ ਕਰਨ ਵਾਲਾ ਖੁਸ਼ੀ ਨਾਲ ਦਯਾ ਕਰੇ,
9ਪਿਆਰ ਨਿਸ਼ਕਪਟ ਹੋਵੇ, ਬੁਰਿਆਈ ਤੋਂ ਨਫ਼ਰਤ ਕਰੋ, ਭਲਿਆਈ ਕਰਨ ਵਿੱਚ ਲੱਗੇ ਰਹੋ।
10ਭਾਈਚਾਰੇ ਦੇ ਪਿਆਰ ਨਾਲ ਇੱਕ ਦੂਜੇ ਨਾਲ ਗੂੜ੍ਹਾ ਪਿਆਰ ਰੱਖੋ, ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।
11ਮਿਹਨਤ ਕਰਨ ਵਿੱਚ ਢਿੱਲੇ ਨਾ ਹੋਵੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਿਆ ਕਰੋ।
12ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ।
13ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ।