12ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?
13ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ, ਅਮੱਸਿਆ ਅਤੇ ਸਬਤ, ਸਭਾ ਦਾ ਦਿਨ - ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।
14ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ!
15ਜਦ ਤੁਸੀਂ ਆਪਣੇ ਹੱਥ ਪਸਾਰੋਗੇ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਹੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।
16ਨਹਾਓ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡ ਦਿਓ।
17ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।
18ਯਹੋਵਾਹ ਆਖਦਾ ਹੈ, ਆਓ, ਅਸੀਂ ਸਲਾਹ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਚ ਵਰਗੇ ਸੁਰਖ਼ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਲਾਲ ਸੂਹੇ ਹੋਣ, ਉਹ ਉੱਨ ਜਿਹੇ ਸਫ਼ੇਦ ਹੋ ਜਾਣਗੇ।
19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ।
20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਯਹੋਵਾਹ ਦਾ ਮੁੱਖ ਵਾਕ ਹੈ।
21ਉਹ ਵਿਸ਼ਵਾਸਯੋਗ ਨਗਰੀ ਕਿਵੇਂ ਵੇਸਵਾ ਹੋ ਗਈ! ਜਿਹੜੀ ਨਿਆਂ ਨਾਲ ਭਰੀ ਹੋਈ ਸੀ ਅਤੇ ਜਿਸ ਦੇ ਵਿੱਚ ਧਰਮ ਵੱਸਦਾ ਸੀ, ਪਰ ਹੁਣ ਉੱਥੇ ਖੂਨੀ ਹੀ ਵੱਸਦੇ ਹਨ!