15ਭਲਾ, ਕੁਹਾੜਾ ਆਪਣੇ ਚਲਾਉਣ ਵਾਲੇ ਅੱਗੇ ਆਕੜੇ? ਕੀ ਆਰਾ ਆਪਣੇ ਖਿੱਚਣ ਵਾਲੇ ਅੱਗੇ ਗਰੂਰ ਕਰੇ? ਕੀ ਡੰਡਾ ਆਪਣੇ ਚੁੱਕਣ ਵਾਲੇ ਨੂੰ ਹਿਲਾਵੇ, ਜਾਂ ਲਾਠੀ ਉਹ ਨੂੰ ਚੁੱਕੇ ਜਿਹੜਾ ਲੱਕੜ ਨਹੀਂ ਹੈ!
16ਇਸ ਲਈ ਪ੍ਰਭੂ, ਸੈਨਾਂ ਦਾ ਯਹੋਵਾਹ, ਉਹ ਦੇ ਰਿਸ਼ਟ-ਪੁਸ਼ਟ ਸੂਰਮਿਆਂ ਵਿੱਚ ਨਿਰਬਲ ਕਰਨ ਵਾਲੇ ਰੋਗ ਘੱਲੇਗਾ ਅਤੇ ਉਹ ਦੇ ਤੇਜ ਦੇ ਹੇਠਾਂ ਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।
17ਇਸਰਾਏਲ ਦੀ ਜੋਤ ਅੱਗ, ਅਤੇ ਉਹ ਦਾ ਪਵਿੱਤਰ ਪੁਰਖ ਲੰਬ ਹੋਵੇਗਾ, ਉਹ ਉਸ ਦੇ ਕੰਡੇ ਅਤੇ ਕੰਡਿਆਲੇ ਇੱਕੋ ਹੀ ਦਿਨ ਵਿੱਚ ਸਾੜ ਕੇ ਭਸਮ ਕਰ ਦੇਵੇਗਾ।
18ਉਹ ਉਸ ਦੇ ਜੰਗਲਾਂ ਅਤੇ ਉਸ ਦੀ ਫਲਦਾਰ ਭੂਮੀ ਦੇ ਪਰਤਾਪ ਨੂੰ ਅਤੇ ਜਾਨ ਤੇ ਮਾਸ ਨੂੰ ਮਿਟਾ ਦੇਵੇਗਾ, ਜਿਵੇਂ ਕੋਈ ਰੋਗੀ ਜਾਂਦਾ ਰਹਿੰਦਾ ਹੈ।
19ਉਹ ਦੇ ਜੰਗਲਾਂ ਦੇ ਰੁੱਖਾਂ ਦੀ ਗਿਣਤੀ ਐਨੀ ਥੋੜ੍ਹੀ ਹੋਵੇਗੀ ਕਿ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇਗਾ।
20ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕ ਅਤੇ ਯਾਕੂਬ ਦੇ ਘਰਾਣੇ ਦੇ ਬਚੇ ਹੋਏ ਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ, ਪਰ ਇਸਰਾਏਲ ਦੇ ਪਵਿੱਤਰ ਪੁਰਖ ਯਹੋਵਾਹ ਦਾ ਸਚਿਆਈ ਨਾਲ ਸਹਾਰਾ ਲੈਣਗੇ।
21ਇੱਕ ਬਕੀਆ ਅਰਥਾਤ ਯਾਕੂਬ ਦਾ ਬਕੀਆ, ਸ਼ਕਤੀਮਾਨ ਪਰਮੇਸ਼ੁਰ ਵੱਲ ਮੁੜੇਗਾ।