11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾਹ ਦੇ ਵਿਰੁੱਧ ਇਕੱਠੀ ਹੋਈ ਅਤੇ ਹਾਰੂਨ, ਉਹ ਵਿਚਾਰਾ ਕੌਣ ਹੈ ਜੋ ਤੁਸੀਂ ਉਹ ਦੇ ਵਿਰੁੱਧ ਬੁੜ-ਬੁੜਾਉਂਦੇ ਹੋ?
12ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਾ ਭੇਜਿਆ ਪਰ ਉਨ੍ਹਾਂ ਨੇ ਆਖਿਆ, ਅਸੀਂ ਨਹੀਂ ਆਵਾਂਗੇ।
13ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ?
14ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗ਼ਾਂ ਦਾ ਅਧਿਕਾਰ ਦਿੱਤਾ ਹੈ। ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ? ਅਸੀਂ ਤਾਂ ਅੱਗੇ ਨਹੀਂ ਜਾਣਾ!
15ਤਦ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ।
16ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ।
17ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ।