1ਯਹੋਵਾਹ ਨੇ ਮੂਸਾ ਨੂੰ ਆਖਿਆ,
2ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਅਣਜਾਣੇ ਵਿੱਚ ਕੋਈ ਅਜਿਹਾ ਕੰਮ ਕਰਕੇ ਪਾਪ ਕਰੇ, ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਹੋਵਾਹ ਦਿੱਤਾ ਹੈ,
3ਅਤੇ ਜੇਕਰ ਕਦੀ ਮਸਹ ਕੀਤਾ ਹੋਇਆ ਜਾਜਕ ਕੋਈ ਅਜਿਹਾ ਪਾਪ ਕਰੇ, ਜਿਸ ਦੇ ਕਾਰਨ ਪਰਜਾ ਦੋਸ਼ੀ ਠਹਿਰੇ ਤਾਂ ਉਹ ਆਪਣੇ ਉਸ ਪਾਪ ਦੇ ਲਈ ਇੱਕ ਦੋਸ਼ ਰਹਿਤ ਜੁਆਨ ਬਲ਼ਦ ਯਹੋਵਾਹ ਦੇ ਅੱਗੇ ਪਾਪ ਬਲੀ ਦੀ ਭੇਟ ਕਰਕੇ ਚੜ੍ਹਾਵੇ,
4ਉਹ ਉਸ ਬਲ਼ਦ ਨੂੰ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਯਹੋਵਾਹ ਦੇ ਅੱਗੇ ਲਿਆਵੇ ਅਤੇ ਆਪਣਾ ਹੱਥ ਬਲ਼ਦ ਦੇ ਸਿਰ ਉੱਤੇ ਰੱਖੇ ਅਤੇ ਉਸ ਬਲ਼ਦ ਨੂੰ ਯਹੋਵਾਹ ਦੇ ਅੱਗੇ ਵੱਢ ਸੁੱਟੇ,
5ਅਤੇ ਮਸਹ ਕੀਤਾ ਹੋਇਆ ਜਾਜਕ ਉਸ ਬਲ਼ਦ ਦੇ ਲਹੂ ਵਿੱਚੋਂ ਕੁਝ ਲੈ ਕੇ ਮੰਡਲੀ ਦੇ ਡੇਰੇ ਨੂੰ ਲਿਆਵੇ।
6ਅਤੇ ਜਾਜਕ ਆਪਣੀ ਉਂਗਲੀ ਲਹੂ ਵਿੱਚ ਡੋਬ ਕੇ ਉਸ ਲਹੂ ਨੂੰ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ ਯਹੋਵਾਹ ਦੇ ਅੱਗੇ ਸੱਤ ਵਾਰੀ ਛਿੜਕੇ।
7ਅਤੇ ਜਾਜਕ ਉਸ ਲਹੂ ਵਿੱਚੋਂ ਕੁਝ ਲੈ ਕੇ ਸੁਗੰਧੀ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਜੋ ਮੰਡਲੀ ਦੇ ਡੇਰੇ ਵਿੱਚ ਹੈ, ਯਹੋਵਾਹ ਦੇ ਅੱਗੇ ਲਗਾਵੇ, ਫੇਰ ਬਲ਼ਦ ਦਾ ਸਾਰਾ ਲਹੂ ਹੋਮ ਦੀ ਜਗਵੇਦੀ ਦੇ ਹੇਠ ਡੋਲ੍ਹ ਦੇਵੇ, ਜੋ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਹੈ।
8ਫੇਰ ਉਹ ਉਸ ਬਲ਼ਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਦੇ ਨਾਲ ਜੁੜੀ ਹੋਈ ਹੈ।