Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਲੂਕਾ - ਲੂਕਾ 21

ਲੂਕਾ 21:8-24

Help us?
Click on verse(s) to share them!
8ਤਾਂ ਉਸ ਨੇ ਆਖਿਆ, “ਚੌਕਸ ਰਹੋ ਜੋ ਤੁਸੀਂ ਕਿਤੇ ਭੁਲੇਖੇ ਵਿੱਚ ਨਾ ਪਓ। ਕਿਉਂ ਜੋ ਮੇਰਾ ਨਾਮ ਲੈ ਕੇ ਬਥੇਰੇ ਇਹ ਕਹਿੰਦੇ ਆਉਣਗੇ ਜੋ ‘ਮੈਂ ਉਹੋ ਹਾਂ’ ਅਤੇ ‘ਉਹ ਸਮਾਂ ਨੇੜੇ ਹੈ।’ ਉਨ੍ਹਾਂ ਦੇ ਮਗਰ ਨਾ ਲੱਗਣਾ।
9ਪਰ ਜਦ ਤੁਸੀਂ ਲੜਾਈਆਂ ਅਤੇ ਹੱਲੇ ਗੁੱਲੇ ਦੀਆਂ ਖ਼ਬਰਾਂ ਸੁਣੋ ਤਾਂ ਘਬਰਾ ਨਾ ਜਾਣਾ ਕਿਉਂ ਜੋ ਇਹ ਗੱਲਾਂ ਤਾਂ ਪਹਿਲਾਂ ਹੋਣੀਆਂ ਹੀ ਹਨ ਪਰ ਅੰਤ ਉਸ ਸਮੇਂ ਨਹੀਂ।”
10ਤਦ ਉਸ ਨੇ ਉਹਨਾਂ ਨੂੰ ਕਿਹਾ, ਕੌਮ-ਕੌਮ ਉੱਤੇ ਅਤੇ ਪਾਤਸ਼ਾਹੀ-ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ।
11ਅਤੇ ਥਾਂ-ਥਾਂ ਕਾਲ ਅਤੇ ਵੱਡੇ ਭੂਚਾਲ ਅਤੇ ਮਹਾਂਮਾਰੀਆਂ ਪੈਣਗੀਆਂ ਅਤੇ ਭਿਆਨਕ ਚੀਜ਼ਾਂ ਅਤੇ ਵੱਡੀਆਂ ਨਿਸ਼ਾਨੀਆਂ ਅਕਾਸ਼ੋਂ ਪਰਗਟ ਹੋਣਗੀਆਂ।
12ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਲੋਕ ਤੁਹਾਡੇ ਉੱਤੇ ਹੱਥ ਪਾਉਣਗੇ ਅਤੇ ਤੁਹਾਨੂੰ ਸਤਾਉਣਗੇ ਅਤੇ ਪ੍ਰਾਰਥਨਾ ਘਰਾਂ ਅਤੇ ਕੈਦਖ਼ਾਨਿਆਂ ਵਿੱਚ ਫੜਵਾ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ।
13ਇਹ ਤੁਹਾਡੇ ਲਈ ਗਵਾਹੀ ਦੇਣ ਦਾ ਮੌਕਾ ਹੋਵੇਗਾ।
14ਇਸ ਲਈ ਆਪਣੇ ਮਨ ਵਿੱਚ ਠਾਣ ਲਵੋ ਜੋ ਅਸੀਂ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਾ ਕਰਾਂਗੇ।
15ਕਿਉਂ ਜੋ ਮੈਂ ਤੁਹਾਨੂੰ ਇਹੋ ਜਿਹੇ ਬੋਲ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਾਰੇ ਵਿਰੋਧੀ ਸਾਹਮਣਾ ਜਾ ਵਿਰੋਧ ਨਾ ਕਰ ਸਕਣਗੇ।
16ਅਤੇ ਤੁਹਾਡੇ ਮਾਂ ਪਿਉ ਅਤੇ ਭਾਈ ਅਤੇ ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਿੰਨਿਆਂ ਨੂੰ ਮਰਵਾ ਦੇਣਗੇ।
17ਅਤੇ ਮੇਰੇ ਨਾਮ ਕਾਰਨ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।
18ਪਰ ਤੁਹਾਡੇ ਸਿਰ ਦਾ ਇੱਕ ਵੀ ਵਾਲ਼ ਵਿੰਗਾ ਨਾ ਹੋਵੇਗਾ
19ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾਓਗੇ।
20ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘੇਰਿਆ ਹੋਇਆ ਵੇਖੋ ਤਾਂ ਜਾਣੋ ਉਸ ਦੀ ਬਰਬਾਦੀ ਨੇੜੇ ਆ ਪਹੁੰਚੀ ਹੈ।
21ਤਦ ਉਹ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਵੱਲ ਭੱਜ ਜਾਣ ਅਤੇ ਉਹ ਜਿਹੜੇ ਉਸ ਦੇ ਵਿੱਚ ਹੋਣ ਸੋ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਸ ਦੇ ਅੰਦਰ ਨਾ ਵੜਨ।
22ਕਿਉਂ ਜੋ ਇਹ ਬਦਲਾ ਲੈਣ ਦੇ ਦਿਨ ਹਨ, ਇਸ ਲਈ ਜੋ ਸਭ ਲਿਖੀਆਂ ਹੋਈਆਂ ਗੱਲਾਂ ਪੂਰੀਆਂ ਹੋਣ।
23ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹਾਂ ਦਿਨਾਂ ਵਿੱਚ ਗਰਭਵਤੀਆਂ ਅਤੇ ਦੁੱਧ ਚੁੰਘਾਉਣ ਵਾਲੀਆਂ ਹੋਣ ਕਿਉਂ ਜੋ ਧਰਤੀ ਉੱਤੇ ਵੱਡਾ ਕਲੇਸ਼ ਅਤੇ ਇਸ ਪਰਜਾ ਉੱਤੇ ਕ੍ਰੋਧ ਹੋਵੇਗਾ।
24ਉਹ ਤਲਵਾਰ ਦੀ ਧਾਰ ਨਾਲ ਮਾਰੇ ਜਾਣਗੇ ਅਤੇ ਗੁਲਾਮ ਹੋ ਕੇ ਸਭ ਕੌਮਾਂ ਵਿੱਚ ਪੁਚਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਤੋਂ ਲਤਾੜਿਆ ਜਾਵੇਗਾ ਜਦ ਤੱਕ ਪਰਾਈਆਂ ਕੌਮਾਂ ਦੇ ਸਮੇਂ ਪੂਰੇ ਨਾ ਹੋਣ।

Read ਲੂਕਾ 21ਲੂਕਾ 21
Compare ਲੂਕਾ 21:8-24ਲੂਕਾ 21:8-24