32ਨੀਨਵਾਹ ਦੇ ਲੋਕ ਨਿਆਂ ਵਾਲੇ ਦਿਨ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਯੂਨਾਹ ਨਾਲੋਂ ਵੀ ਵੱਡਾ ਹੈ।
33ਕੋਈ ਦੀਵਾ ਬਾਲ ਕੇ ਕਟੋਰੇ ਦੇ ਥੱਲੇ ਜਾਂ ਟੋਕਰੇ ਦੇ ਹੇਠ ਨਹੀਂ ਰੱਖਦਾ ਸਗੋਂ ਦੀਵਟ ਉੱਤੇ ਰੱਖਦਾ ਹੈ ਕਿ ਅੰਦਰ ਆਉਣ ਵਾਲੇ ਨੂੰ ਚਾਨਣ ਮਿਲੇ।
34ਤੇਰੇ ਸਰੀਰ ਦਾ ਦੀਵਾ ਤੇਰੀ ਅੱਖ ਹੈ। ਜੇਕਰ ਤੇਰੀ ਅੱਖ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ ਪਰ ਜੇਕਰ ਤੇਰੀ ਅੱਖ ਬੁਰੀ ਹੈ ਤਾਂ ਤੇਰਾ ਸਰੀਰ ਵੀ ਹਨ੍ਹੇਰਾ ਹੈ।
35ਇਸ ਲਈ ਸੁਚੇਤ ਰਹਿ ਕਿ ਸਾਰਾ ਸਰੀਰ ਅੰਧਕਾਰ ਵਿੱਚ ਨਾ ਬਦਲ ਜਾਵੇ।
36ਜੇਕਰ ਤੇਰਾ ਸਾਰਾ ਸਰੀਰ ਚਾਨਣ ਹੋਵੇ ਅਤੇ ਉਸ ਦਾ ਕੋਈ ਅੰਗ ਹਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣ ਹੋਵੇਗਾ ਜਿਸ ਤਰ੍ਹਾਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ।
37ਜਦ ਯਿਸੂ ਗੱਲ ਕਰ ਹੀ ਰਿਹਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਬੇਨਤੀ ਕੀਤੀ ਕਿ ਮੇਰੇ ਘਰ ਭੋਜਨ ਕਰਨ ਲਈ ਚੱਲੋ। ਤਦ ਯਿਸੂ ਉਨ੍ਹਾਂ ਨਾਲ ਭੋਜਨ ਕਰਨ ਬੈਠਾ।
38ਉਸ ਫ਼ਰੀਸੀ ਆਦਮੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ-ਪੈਰ ਨਹੀਂ ਧੋਤੇ।