13ਅਤੇ ਉਹ ਨੂੰ ਇੱਕ ਅਵਾਜ਼ ਆਈ ਕਿ ਹੇ ਪਤਰਸ ਉੱਠ, ਮਾਰ ਅਤੇ ਖਾ!
14ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਜੋ ਮੈਂ ਕੋਈ ਅਸ਼ੁੱਧ ਜਾਂ ਮਾੜੀ ਚੀਜ਼ ਕਦੇ ਨਹੀਂ ਖਾਧੀ।
15ਫਿਰ ਦੂਜੀ ਵਾਰ ਉਹ ਨੂੰ ਅਵਾਜ਼ ਆਈ ਕਿ, ਜੋ ਕੁਝ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।
16ਇਹ ਤਿੰਨ ਵਾਰੀ ਹੋਇਆ ਅਤੇ ਉਸੇ ਸਮੇਂ ਉਹ ਚੀਜ਼ ਅਕਾਸ਼ ਉੱਤੇ ਚੁੱਕੀ ਗਈ।
17ਜਦੋਂ ਪਤਰਸ ਆਪਣੇ ਮਨ ਵਿੱਚ ਚਿੰਤਾ ਕਰ ਰਿਹਾ ਸੀ ਕਿ ਇਹ ਦਰਸ਼ਣ ਜਿਹੜਾ ਮੈਂ ਵੇਖਿਆ ਹੈ ਉਹ ਕੀ ਹੈ? ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਮਊਨ ਦਾ ਘਰ ਪੁੱਛਦੇ ਹੋਏ ਬੂਹੇ ਉੱਤੇ ਆ ਗਏ।
18ਅਤੇ ਅਵਾਜ਼ ਦੇ ਕੇ ਪੁੱਛਿਆ ਕਿ ਸ਼ਮਊਨ ਜਿਸ ਨੂੰ ਪਤਰਸ ਵੀ ਕਹਿੰਦੇ ਹਨ ਕੀ ਉਹ ਇੱਥੇ ਹੀ ਹੈ?
19ਜਦੋਂ ਪਤਰਸ ਉਸ ਦਰਸ਼ਣ ਬਾਰੇ ਸੋਚ ਰਿਹਾ ਸੀ ਤਾਂ ਆਤਮਾ ਨੇ ਉਹ ਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਲੱਭਦੇ ਹਨ।
20ਪਰ ਤੂੰ ਉੱਠ, ਹੇਠਾਂ ਜਾ ਅਤੇ ਉਨ੍ਹਾਂ ਦੇ ਨਾਲ ਤੁਰ, ਕਿਉਂ ਜੋ ਉਨ੍ਹਾਂ ਨੂੰ ਮੈਂ ਭੇਜਿਆ ਹੈ।
21ਤਦ ਪਤਰਸ ਨੇ ਉਨ੍ਹਾਂ ਮਨੁੱਖਾਂ ਕੋਲ ਆ ਕੇ ਕਿਹਾ ਕਿ ਵੇਖੋ, ਜਿਸ ਨੂੰ ਤੁਸੀਂ ਲੱਭਦੇ ਹੋ, ਉਹ ਮੈਂ ਹੀ ਹਾਂ। ਤੁਸੀਂ ਕਿਸ ਦੇ ਲਈ ਆਏ ਹੋ?
22ਉਹ ਬੋਲੇ, ਕੁਰਨੇਲਿਯੁਸ ਸੂਬੇਦਾਰ ਜੋ ਧਰਮੀ ਮਨੁੱਖ ਅਤੇ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ ਉਹ ਨੂੰ ਇੱਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਕਿ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਬਚਨ ਸੁਣੇ।
23ਤਦ ਉਸ ਨੇ ਉਨ੍ਹਾਂ ਨੂੰ ਅੰਦਰ ਬੁਲਾ ਕੇ ਉਹਨਾਂ ਦੀ ਸੇਵਾ ਟਹਿਲ ਕੀਤੀ। ਦੂਜੇ ਦਿਨ ਉਹ ਉੱਠ ਕੇ ਉਨ੍ਹਾਂ ਦੇ ਨਾਲ ਗਿਆ ਅਤੇ ਕਈ ਭਰਾ ਯਾਪਾ ਦੇ ਰਹਿਣ ਵਾਲੇ ਉਹ ਦੇ ਨਾਲ ਹੋ ਤੁਰੇ।
24ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਘਰ ਵਾਲਿਆਂ ਅਤੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰ ਕੇ ਉਹਨਾਂ ਦਾ ਰਾਹ ਵੇਖ ਰਿਹਾ ਸੀ।