1ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਰਾਹ ਵਿੱਚ ਇੱਕ ਅੰਨ੍ਹਾ ਮਨੁੱਖ ਵੇਖਿਆ। ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਸੀ।
2ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਇਹ ਮਨੁੱਖ ਜਨਮ ਤੋਂ ਹੀ ਅੰਨ੍ਹਾ ਹੈ, ਪਰ ਕਿਸ ਦੇ ਪਾਪਾਂ ਦੇ ਕਾਰਨ ਉਹ ਅੰਨ੍ਹਾ ਪੈਦਾ ਹੋਇਆ ਹੈ? ਉਸ ਦੇ ਆਪਣੇ ਪਾਪਾਂ ਕਾਰਨ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਕਾਰਨ?”
3ਯਿਸੂ ਨੇ ਉੱਤਰ ਦਿੱਤਾ, “ਇਹ ਉਸ ਦੇ ਪਾਪਾਂ ਦਾ ਜਾਂ ਉਸ ਦੇ ਮਾਂ-ਬਾਪ ਦੇ ਪਾਪਾਂ ਦੇ ਕਾਰਨ ਨਹੀਂ ਹੈ। ਪਰ ਇਹ ਚੰਗਾ ਹੋ ਕੇ ਲੋਕਾਂ ਨੂੰ ਪਰਮੇਸ਼ੁਰ ਦੀ ਮਹਿਮਾ ਵਿਖਾਉਣ ਵਾਸਤੇ ਅੰਨ੍ਹਾ ਪੈਦਾ ਹੋਇਆ ਸੀ।
4ਸਾਨੂੰ ਉਸ ਪਰਮੇਸ਼ੁਰ ਦਾ ਕੰਮ, ਦਿਨ ਰਹਿੰਦੇ ਕਰਨਾ ਚਾਹੀਦਾ ਹੈ, ਜਿਸ ਨੇ ਮੈਨੂੰ ਭੇਜਿਆ ਹੈ। ਕਿਉਂਕਿ ਫਿਰ ਰਾਤ ਹੋ ਜਾਵੇਗੀ, ਅਤੇ ਕੋਈ ਵੀ ਰਾਤ ਵੇਲੇ ਕੰਮ ਨਹੀਂ ਕਰ ਸਕਦਾ।
5ਜਦ ਤੱਕ ਮੈਂ ਸੰਸਾਰ ਵਿੱਚ ਹਾਂ ਮੈਂ ਸੰਸਾਰ ਦੇ ਲਈ ਚਾਨਣ ਹਾਂ।”
6ਇਹ ਗੱਲਾਂ ਕਹਿਣ ਤੋਂ ਬਾਅਦ, ਯਿਸੂ ਨੇ ਧਰਤੀ ਤੇ ਥੁੱਕਿਆ ਅਤੇ ਉਸ ਨਾਲ ਥੋੜੀ ਮਿੱਟੀ ਗਿੱਲੀ ਕੀਤੀ ਅਤੇ ਉਹ ਮਿੱਟੀ ਅੰਨ੍ਹੇ ਮਨੁੱਖ ਦੀਆਂ ਅੱਖਾਂ ਤੇ ਲਾਈ।