19ਪਰ ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ, ਕਿ ਅਸੀਂ ਕਿਵੇਂ ਜਾਂ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵੇਲੇ ਬਖ਼ਸ਼ੀ ਜਾਵੇਗੀ।
20ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।
21ਅਤੇ ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਸੁੱਟਣਗੇ।
22ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੀ ਬਚਾਇਆ ਜਾਵੇਗਾ।
23ਪਰ ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਫਿਰ ਦੂਜੇ ਨੂੰ ਭੱਜ ਜਾਓ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਜਦੋਂ ਤੱਕ ਇਸਰਾਏਲ ਦੇ ਸਾਰਿਆਂ ਨਗਰਾਂ ਵਿੱਚ ਨਾ ਫਿਰ ਲਵੋ, ਤਾਂ ਕਿ ਮਨੁੱਖ ਦਾ ਪੁੱਤਰ ਆ ਜਾਵੇ।
24ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ, ਨਾ ਨੌਕਰ ਆਪਣੇ ਮਾਲਕ ਨਾਲੋਂ।
25ਇਹ ਹੀ ਬਹੁਤ ਹੈ, ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜਦੋਂ ਉਨ੍ਹਾਂ ਘਰ ਦੇ ਮਾਲਕ ਨੂੰ (ਮੂਲ ਭਾਸ਼ਾ ਵਿੱਚ ਬਾਲਜਬੂਲ) ਸ਼ੈਤਾਨ ਆਖਿਆ, ਤਾਂ ਕਿੰਨ੍ਹਾਂ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ।
26ਸੋ ਤੁਸੀਂ ਉਨ੍ਹਾਂ ਕੋਲੋਂ ਨਾ ਡਰੋ, ਕਿਉਂਕਿ ਕੋਈ ਚੀਜ਼ ਲੁਕੀ ਨਹੀਂ ਹੈ ਜਿਹੜੀ ਪ੍ਰਗਟ ਨਾ ਕੀਤੀ ਜਾਵੇਗੀ, ਨਾ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
27ਜੋ ਕੁਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਹ ਨੂੰ ਚਾਨਣ ਵਿੱਚ ਆਖੋ, ਅਤੇ ਜੋ ਕੁਝ ਵੀ ਤੁਸੀਂ ਕੰਨਾਂ ਨਾਲ ਸੁਣਦੇ ਹੋ ਕੋਠਿਆਂ ਉੱਤੇ ਉਹ ਦਾ ਪ੍ਰਚਾਰ ਕਰੋ।
28ਅਤੇ ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ ਜਿਹੜਾ ਸਰੀਰ ਅਤੇ ਆਤਮਾ ਦੋਵਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ।
29ਕੀ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ।
30ਪਰ ਤੁਹਾਡੇ ਸਿਰ ਦੇ ਵਾਲ਼ ਵੀ ਗਿਣੇ ਹੋਏ ਹਨ।
31ਇਸ ਲਈ ਨਾ ਡਰੋ। ਤੁਸੀਂ ਚਿੜੀਆਂ ਨਾਲੋਂ ਉੱਤਮ ਹੋ।