Text copied!
CopyCompare
ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ - ਮੱਤੀ

ਮੱਤੀ 3

Help us?
Click on verse(s) to share them!
1ਉਹਨਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ, ਯਹੂਦਿਯਾ ਦੇ ਉਜਾੜ ਵਿੱਚ ਪਰਚਾਰ ਕਰਦੇ ਹੋਏ ਆਖਣ ਲੱਗਾ,
2ਤੋਬਾ ਕਰੋ, ਕਿਉਂ ਜੋ ਸਵਰਗ ਰਾਜ ਨੇੜੇ ਹੈ।
3ਇਹ ਉਹੀ ਹੈ ਜਿਹ ਦੇ ਬਾਰੇ ਯਸਾਯਾਹ ਨਬੀ ਨੇ ਆਖਿਆ ਸੀ, ਉਜਾੜ ਵਿੱਚ ਪੁਕਾਰਨ ਵਾਲੇ ਦੀ ਅਵਾਜ਼, ਕਿ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹ ਦੇ ਰਾਹਾਂ ਨੂੰ ਸਿੱਧੇ ਕਰੋ।
4ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ, ਚਮੜੇ ਦੀ ਪੇਟੀ ਉਸ ਦੇ ਲੱਕ ਨਾਲ ਬੰਨ੍ਹੀ ਹੋਈ ਸੀ, ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ l
5ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਰਹਿਣ ਵਾਲੇ ਸਾਰੇ ਲੋਕ ਉਹ ਦੇ ਕੋਲ ਆਉਂਦੇ ਸਨ।
6ਅਤੇ ਆਪਣੇ ਪਾਪਾਂ ਨੂੰ ਮੰਨ ਕੇ ਯਰਦਨ ਨਦੀ ਵਿੱਚ ਉਹ ਦੇ ਹੱਥੋਂ ਬਪਤਿਸਮਾ ਲੈਂਦੇ ਸਨ।
7ਪਰ ਜਦ ਉਹ ਨੇ ਵੇਖਿਆ ਜੋ ਫ਼ਰੀਸੀਆਂ ਅਤੇ ਸਦੂਕੀਆਂ ਵਿੱਚੋਂ ਬਹੁਤ ਸਾਰੇ ਉਸ ਤੋਂ ਬਪਤਿਸਮਾ ਲੈਣ ਨੂੰ ਆਉਂਦੇ ਹਨ, ਤਾਂ ਉਨ੍ਹਾਂ ਨੂੰ ਆਖਿਆ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਲਈ ਕਿਸ ਨੇ ਚਿਤਾਵਨੀ ਦਿੱਤੀ?”
8ਸੋ ਤੁਸੀਂ ਤੋਬਾ ਦੇ ਯੋਗ ਫਲ ਲਿਆਓ।
9ਅਤੇ ਆਪਣੇ ਮਨ ਵਿੱਚ ਇਹ ਨਾ ਸੋਚੋ ਕਿ ਅਬਰਾਹਾਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਵੀ ਸੰਤਾਨ ਪੈਦਾ ਕਰ ਸਕਦਾ ਹੈ।
10ਅਤੇ ਹੁਣ ਕੁਹਾੜਾ ਰੁੱਖਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਸੋ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
11ਮੈਂ ਤਾਂ ਤੁਹਾਨੂੰ ਮਨ ਫ਼ਿਰਾਉਣ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਮਗਰੋਂ ਆਉਣ ਵਾਲਾ ਹੈ ਉਹ ਮੇਰੇ ਤੋਂ ਵੀ ਬਲਵੰਤ ਹੈ, ਮੈਂ ਉਹ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।
12ਉਹ ਦੀ ਤੰਗੁਲੀ ਉਹ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇਗਾ ਅਤੇ ਆਪਣੀ ਕਣਕ ਨੂੰ ਗੋਦਾਮ ਵਿੱਚ ਜਮਾਂ ਕਰੇਗਾ, ਪਰ ਤੂੜੀ ਨੂੰ ਉਸ ਅੱਗ ਵਿੱਚ ਸਾੜੇਗਾ ਜਿਹੜੀ ਕਦੇ ਬੁਝਦੀ ਨਹੀਂ।
13ਤਦ ਯਿਸੂ ਗਲੀਲ ਤੋਂ ਯਰਦਨ ਦੇ ਕੰਢੇ, ਯੂਹੰਨਾ ਕੋਲ ਉਸ ਦੇ ਹੱਥੋਂ ਬਪਤਿਸਮਾ ਲੈਣ ਨੂੰ ਆਇਆ।
14ਪਰ ਯੂਹੰਨਾ ਨੇ ਇਹ ਕਹਿ ਕਿ ਉਸ ਨੂੰ ਰੋਕਿਆ, ਕਿ ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਪਰ ਤੂੰ ਮੇਰੇ ਕੋਲ ਆਇਆ ਹੈਂ?
15ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੁਣ ਅਜਿਹਾ ਹੋਣਾ ਯੋਗ ਹੈ ਜੋ ਸਾਰੀ ਧਾਰਮਿਕਤਾ ਨੂੰ ਇਸੇ ਤਰ੍ਹਾਂ ਪੂਰਾ ਕਰੀਏ। ਤਦ ਉਸ ਨੇ ਅਜਿਹਾ ਹੋਣ ਦਿੱਤਾ।
16ਜਦ ਯਿਸੂ ਬਪਤਿਸਮਾ ਲੈਣ ਤੋਂ ਬਾਅਦ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ ਉਹ ਨੇ ਪਰਮੇਸ਼ੁਰ ਦਾ ਆਤਮਾ ਘੁੱਗੀ ਵਾਂਗੂੰ ਉੱਤਰਦਿਆਂ ਅਤੇ ਆਪਣੇ ਉੱਤੇ ਆਉਂਦਿਆਂ ਦੇਖਿਆ।
17ਅਤੇ ਵੇਖੋ ਇਹ ਸਵਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਖੁਸ਼ ਹਾਂ।