19ਪਰ ਜਿਹੜਾ ਮਾਸ ਕਿਸੇ ਅਸ਼ੁੱਧ ਵਸਤੂ ਨਾਲ ਛੂਹੇ, ਉਹ ਖਾਧਾ ਨਾ ਜਾਵੇ, ਉਹ ਅੱਗ ਨਾਲ ਸਾੜਿਆ ਜਾਵੇ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ।
20ਪਰ ਜੋ ਕੋਈ ਮਨੁੱਖ ਅਸ਼ੁੱਧ ਹੋਵੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
21ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ।
22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
23ਇਸਰਾਏਲੀਆਂ ਨੂੰ ਆਖ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਨਾ ਖਾਣਾ, ਭਾਵੇਂ ਬਲ਼ਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਹੋਵੇ।
24ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ।
25ਕੋਈ ਵੀ ਜਿਹੜਾ ਅਜਿਹੇ ਪਸ਼ੂ ਦੀ ਚਰਬੀ ਨੂੰ ਖਾਵੇ, ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਤਾਂ ਉਸ ਨੂੰ ਖਾਣ ਵਾਲਾ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
26ਅਤੇ ਤੁਸੀਂ ਆਪਣੇ ਸਾਰੇ ਨਿਵਾਸ ਸਥਾਨਾਂ ਵਿੱਚ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ ਹੋਵੇ, ਨਾ ਖਾਣਾ।
27ਜਿਹੜਾ ਮਨੁੱਖ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਖਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
28ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
29ਇਸਰਾਏਲੀਆਂ ਨੂੰ ਇਹ ਆਖ ਕਿ ਜੋ ਕੋਈ ਯਹੋਵਾਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ, ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ।
30ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ।