19 ਪਰ ਜਿਹੜਾ ਮਾਸ ਕਿਸੇ ਅਸ਼ੁੱਧ ਵਸਤੂ ਨਾਲ ਛੂਹੇ, ਉਹ ਖਾਧਾ ਨਾ ਜਾਵੇ, ਉਹ ਅੱਗ ਨਾਲ ਸਾੜਿਆ ਜਾਵੇ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ।
20 ਪਰ ਜੋ ਕੋਈ ਮਨੁੱਖ ਅਸ਼ੁੱਧ ਹੋਵੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
21 ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ।
22 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
23 ਇਸਰਾਏਲੀਆਂ ਨੂੰ ਆਖ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਨਾ ਖਾਣਾ, ਭਾਵੇਂ ਬਲ਼ਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਹੋਵੇ।
24 ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ।
25 ਕੋਈ ਵੀ ਜਿਹੜਾ ਅਜਿਹੇ ਪਸ਼ੂ ਦੀ ਚਰਬੀ ਨੂੰ ਖਾਵੇ, ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਤਾਂ ਉਸ ਨੂੰ ਖਾਣ ਵਾਲਾ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
26 ਅਤੇ ਤੁਸੀਂ ਆਪਣੇ ਸਾਰੇ ਨਿਵਾਸ ਸਥਾਨਾਂ ਵਿੱਚ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ ਹੋਵੇ, ਨਾ ਖਾਣਾ।
27 ਜਿਹੜਾ ਮਨੁੱਖ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਖਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
28 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
29 ਇਸਰਾਏਲੀਆਂ ਨੂੰ ਇਹ ਆਖ ਕਿ ਜੋ ਕੋਈ ਯਹੋਵਾਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ, ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ।
30 ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ।