12ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਹਰ ਰੋਜ਼ ਸਵੇਰ ਦੇ ਵੇਲੇ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਹੋਮ ਦੀ ਭੇਟ ਸੁਧਾਰ ਕੇ ਰੱਖਣ ਅਤੇ ਉਸ ਦੇ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਸਾੜਨ।
13ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਵੀ ਨਾ ਬੁਝੇ।
14ਮੈਦੇ ਦੀ ਭੇਟ ਦੀ ਬਿਵਸਥਾ ਇਹ ਹੈ: ਹਾਰੂਨ ਦੇ ਪੁੱਤਰ ਯਹੋਵਾਹ ਦੇ ਅੱਗੇ ਜਗਵੇਦੀ ਦੇ ਸਾਹਮਣੇ ਉਸ ਨੂੰ ਚੜ੍ਹਾਉਣ।
15ਅਤੇ ਉਹ ਮੈਦੇ ਦੀ ਭੇਟ ਵਿੱਚੋਂ ਤੇਲ ਰਲੇ ਹੋਏ ਮੈਦੇ ਦੀ ਇੱਕ ਮੁੱਠ ਭਰੇ ਅਤੇ ਉਸ ਦਾ ਸਾਰਾ ਲੁਬਾਨ ਚੁੱਕ ਕੇ, ਮੈਦੇ ਦੀ ਭੇਟ ਵਿੱਚੋਂ ਯਾਦਗੀਰੀ ਲਈ ਯਹੋਵਾਹ ਦੇ ਲਈ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ।
16ਅਤੇ ਜੋ ਕੁਝ ਬਚ ਜਾਵੇ ਉਸ ਨੂੰ ਹਾਰੂਨ ਅਤੇ ਉਸ ਦੇ ਪੁੱਤਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ ਅਤੇ ਉਹ ਮੰਡਲੀ ਦੇ ਡੇਰੇ ਦੇ ਵਿਹੜੇ ਵਿੱਚ ਉਸ ਨੂੰ ਖਾਣ।
17ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ, ਕਿਉਂ ਜੋ ਮੈਂ ਉਸ ਨੂੰ ਆਪਣੀਆਂ ਅੱਗ ਦੀਆਂ ਭੇਟਾਂ ਵਿੱਚੋਂ, ਉਨ੍ਹਾਂ ਦਾ ਨਿੱਜ-ਭਾਗ ਠਹਿਰਾ ਕੇ ਦਿੱਤਾ ਹੈ, ਇਸ ਲਈ ਜਿਸ ਤਰ੍ਹਾਂ ਪਾਪ ਬਲੀ ਦੀ ਭੇਟ ਅਤੇ ਦੋਸ਼ ਬਲੀ ਦੀ ਭੇਟ ਅੱਤ ਪਵਿੱਤਰ ਹੈ, ਉਸੇ ਤਰ੍ਹਾਂ ਇਹ ਵੀ ਪਵਿੱਤਰ ਹੈ।
18ਹਾਰੂਨ ਦੀ ਸੰਤਾਨ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੈ। ਜਿਹੜਾ ਉਨ੍ਹਾਂ ਨੂੰ ਛੂਹੇ ਉਹ ਪਵਿੱਤਰ ਠਹਿਰੇਗਾ।