2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂ, ਤਦ ਉਸ ਦੇਸ ਨੂੰ ਯਹੋਵਾਹ ਦੇ ਅੱਗੇ ਸਬਤ ਦਾ ਵਿਸ਼ਰਾਮ ਦਿਆ ਕਰਨਾ।
3ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਬਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ।
4ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸ਼ਰਾਮ ਮਿਲਿਆ ਕਰੇ। ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਬਾਨੀ ਕਰੀਂ।
5ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉੱਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗ਼ਾਂ ਵਿੱਚੋਂ ਦਾਖ਼ਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ।
6ਧਰਤੀ ਦੇ ਸਬਤ ਵਿੱਚ ਪੈਦਾ ਹੋਈ ਫ਼ਸਲ ਤੋਂ ਹੀ ਤੁਹਾਡੇ ਲਈ, ਤੁਹਾਡੇ ਦਾਸ-ਦਾਸੀਆਂ ਲਈ, ਤੁਹਾਡੇ ਮਜ਼ਦੂਰਾਂ ਦੇ ਲਈ ਅਤੇ ਪਰਦੇਸੀਆਂ ਲਈ ਜੋ ਤੁਹਾਡੇ ਨਾਲ ਵੱਸਦੇ ਹਨ, ਤੁਹਾਨੂੰ ਭੋਜਨ ਮਿਲੇਗਾ।
7ਅਤੇ ਤੇਰੇ ਪਸ਼ੂਆਂ ਦੇ ਲਈ ਅਤੇ ਉਨ੍ਹਾਂ ਸਾਰੇ ਜਾਨਵਰਾਂ ਦੇ ਲਈ ਜੋ ਤੇਰੇ ਦੇਸ ਵਿੱਚ ਹਨ, ਉਨ੍ਹਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਹੀ ਮਿਲੇਗਾ।
8ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ।
9ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ।
10ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ-ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ।
11ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗ਼ਾਂ ਦੀਆਂ ਦਾਖਾਂ ਤੋੜਨਾ।
12ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ। ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ।
13ਇਸ ਅਨੰਦ ਦੇ ਸਾਲ ਵਿੱਚ ਤੁਸੀਂ ਸਾਰੇ ਆਪੋ-ਆਪਣੀ ਨਿੱਜ ਭੂਮੀ ਵਿੱਚ ਮੁੜ ਜਾਣਾ।