21ਪਰ ਸਾਰੇ ਘਿਸਰਨ ਵਾਲਿਆਂ ਵਿੱਚੋਂ ਜਿਹੜੇ ਉੱਡਦੇ ਹਨ ਅਤੇ ਚਾਰ ਪੈਰਾਂ ਨਾਲ ਚੱਲਦੇ ਹਨ, ਅਤੇ ਜਿਨ੍ਹਾਂ ਦੀਆਂ ਧਰਤੀ ਉੱਤੇ ਟੱਪਣ ਲਈ ਲੱਤਾਂ ਹਨ, ਇਹ ਤੁਸੀਂ ਖਾ ਸਕਦੇ ਹੋ।
22ਉਹ ਇਹ ਹਨ ਅਰਥਾਤ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਰੋਡਾ ਮੱਕੜੀ ਆਪਣੀ ਪ੍ਰਜਾਤੀ ਅਨੁਸਾਰ, ਗਭਰੇਲਾ ਅਤੇ ਟਿੱਡੀ ਆਪਣੀ ਪ੍ਰਜਾਤੀ ਅਨੁਸਾਰ।
23ਪਰ ਹੋਰ ਸਾਰੇ ਘਿਸਰਨ ਅਤੇ ਉੱਡਣ ਵਾਲੇ ਕੀੜੇ ਜਿਨ੍ਹਾਂ ਦੇ ਚਾਰ ਪੈਰ ਹਨ, ਇਹ ਸਾਰੇ ਤੁਹਾਡੇ ਲਈ ਘਿਣਾਉਣੇ ਹਨ।
24ਇਨ੍ਹਾਂ ਤੋਂ ਤੁਸੀਂ ਅਸ਼ੁੱਧ ਹੋਵੋਗੇ, ਜੋ ਕੋਈ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
25ਅਤੇ ਜੋ ਕੋਈ ਇਨ੍ਹਾਂ ਦੀ ਲੋਥ ਵਿੱਚੋਂ ਕੁਝ ਵੀ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ।
26ਸਾਰੇ ਪਸ਼ੂ ਜਿਨ੍ਹਾਂ ਦੇ ਖੁਰ ਪਾਟੇ ਹੋਏ ਹਨ, ਪਰ ਪੂਰੀ ਤਰ੍ਹਾਂ ਚਿਰੇ ਹੋਏ ਨਹੀਂ ਹਨ, ਅਤੇ ਜੁਗਾਲੀ ਨਹੀਂ ਕਰਦੇ, ਇਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਨੂੰ ਛੂਹੇ ਉਹ ਅਸ਼ੁੱਧ ਠਹਿਰੇਗਾ।
27ਅਤੇ ਚਾਰ ਪੈਰਾਂ ਨਾਲ ਚੱਲਣ ਵਾਲੇ ਸਭ ਪ੍ਰਕਾਰ ਦੇ ਪਸ਼ੂਆਂ ਵਿੱਚੋਂ ਜਿਹੜੇ ਪੰਜਿਆਂ ਭਾਰ ਤੁਰਦੇ ਹਨ, ਉਹ ਸਾਰੇ ਤੁਹਾਡੇ ਲਈ ਅਸ਼ੁੱਧ ਹਨ, ਜੋ ਕੋਈ ਉਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।
28ਅਤੇ ਜੋ ਕੋਈ ਇਨ੍ਹਾਂ ਦੀ ਲੋਥ ਨੂੰ ਚੁੱਕੇ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ ਕਿਉਂ ਜੋ ਇਹ ਤੁਹਾਡੇ ਲਈ ਅਸ਼ੁੱਧ ਹਨ।
29ਅਤੇ ਧਰਤੀ ਉੱਤੇ ਘਿਸਰਨ ਵਾਲਿਆਂ ਵਿੱਚੋਂ, ਇਹ ਤੁਹਾਡੇ ਲਈ ਅਸ਼ੁੱਧ ਹਨ, ਅਰਥਾਤ ਛਛੂੰਦਰ, ਚੂਹਾ ਅਤੇ ਗੌਹ ਆਪਣੀ ਪ੍ਰਜਾਤੀ ਦੇ ਅਨੁਸਾਰ,
30ਅਤੇ ਛਿਪਕਲੀ, ਕੋੜ੍ਹਕਿਰਲੀ, ਕਿਰਲੀ, ਅਜਾਤ ਅਤੇ ਗਿਰਗਿਟ,
31ਸਾਰੇ ਘਿਸਰਨ ਵਾਲਿਆਂ ਵਿੱਚੋਂ ਇਹ ਤੁਹਾਡੇ ਲਈ ਅਸ਼ੁੱਧ ਹਨ, ਜਿਹੜਾ ਇਨ੍ਹਾਂ ਦੀ ਲੋਥ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇ।