53ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖਾਲੀ ਹੱਥ ਕੱਢ ਦਿੱਤਾ।
54ਉਸ ਨੇ ਆਪਣੇ ਦਾਸ ਇਸਰਾਏਲ ਦੀ ਸਹਾਇਤਾ ਕੀਤੀ ਤਾਂ ਕਿ ਉਹ ਆਪਣੇ ਰਹਿਮ ਨੂੰ ਯਾਦ ਕਰੇ,
55ਜੋ ਅਬਰਾਹਾਮ ਤੇ ਉਸ ਦੇ ਅੰਸ ਨਾਲ ਸਦੀਪਕ ਕਾਲ ਤੱਕ ਰਹੇਗਾ, ਜਿਵੇਂ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਬਚਨ ਕੀਤਾ ਸੀ।
56ਤਦ ਮਰਿਯਮ ਤਿੰਨ ਮਹੀਨੇ ਉਸ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।
57ਹੁਣ ਇਲੀਸਬਤ ਦੇ ਜਨਮ ਦੇਣ ਦਾ ਸਮਾਂ ਆ ਪੁੱਜਾ ਅਤੇ ਉਸ ਨੇ ਪੁੱਤਰ ਨੂੰ ਜਨਮ ਦਿੱਤਾ।
58ਅਤੇ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਇਹ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਯਾ ਕੀਤੀ ਉਸ ਦੇ ਨਾਲ ਖੁਸ਼ੀ ਮਨਾਈ।
59ਤਦ ਉਹ ਅੱਠਵੇਂ ਦਿਨ ਬਾਲਕ ਦੀ ਸੁੰਨਤ ਲਈ ਆਏ ਅਤੇ ਉਸ ਦਾ ਨਾਮ ਜ਼ਕਰਯਾਹ ਰੱਖਣ ਲੱਗੇ ਜਿਹੜਾ ਉਸ ਦੇ ਪਿਤਾ ਦਾ ਨਾਮ ਸੀ।
60ਪਰ ਉਸ ਦੀ ਮਾਤਾ ਨੇ ਅੱਗੋਂ ਆਖਿਆ, ਨਹੀਂ ਪਰ ਉਸਦਾ ਨਾਮ ਯੂਹੰਨਾ ਰੱਖਾਂਗੇ।
61ਉਨ੍ਹਾਂ ਉਸ ਨੂੰ ਕਿਹਾ ਕਿ ਤੇਰੇ ਰਿਸ਼ਤੇਦਾਰਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਮ ਤੋਂ ਬੁਲਾਇਆ ਜਾਂਦਾ ਹੈ।
62ਤਦ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਇਸ਼ਾਰਾ ਕਰ ਕੇ ਪੁੱਛਿਆ, ਉਹ ਉਸ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ।
63ਅਤੇ ਉਸ ਨੇ ਪੱਟੀ ਮੰਗਾ ਕੇ ਲਿਖਿਆ ਕਿ ਉਸ ਦਾ ਨਾਮ ਯੂਹੰਨਾ ਹੈ ਤਾਂ ਸਭ ਹੈਰਾਨ ਰਹਿ ਗਏ।
64ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ, ਉਹ ਬੋਲਣ ਲੱਗ ਪਿਆ ਅਤੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗਾ।
65ਤਦ ਆਲੇ-ਦੁਆਲੇ ਦੇ ਸਾਰੇ ਰਹਿਣ ਵਾਲੇ ਡਰ ਗਏ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਦੇਸ ਵਿੱਚ ਇਨ੍ਹਾਂ ਸਭ ਗੱਲਾਂ ਦੀ ਚਰਚਾ ਫੈਲ ਗਈ।
66ਅਤੇ ਸਭ ਸੁਣਨ ਵਾਲਿਆਂ ਨੇ ਆਪਣੇ ਮਨ ਵਿੱਚ ਇਨ੍ਹਾਂ ਗੱਲਾਂ ਦਾ ਵਿਚਾਰ ਕੀਤਾ ਅਤੇ ਕਿਹਾ, ਭਲਾ, ਇਹ ਬਾਲਕ ਕਿਹੋ ਜਿਹਾ ਹੋਵੇਗਾ? ਕਿਉਂ ਜੋ ਪ੍ਰਭੂ ਦਾ ਹੱਥ ਉਸ ਦੇ ਨਾਲ ਸੀ।