5ਤਦ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਪਤਾ ਨਹੀਂ ਸੀ ਜੋ ਇਹ ਪ੍ਰਧਾਨ ਜਾਜਕ ਹੈ ਕਿਉਂ ਜੋ ਲਿਖਿਆ ਹੈ ਕਿ ਤੂੰ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਫਿਟਕਾਰ ਨਾ ਦੇ।।
6ਪਰ ਜਦੋਂ ਪੌਲੁਸ ਨੂੰ ਪਤਾ ਲੱਗਿਆ ਕਿ ਇਨ੍ਹਾਂ ਵਿੱਚ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਾਰੇ ਮੇਰੇ ਉੱਤੇ ਦੋਸ਼ ਲਾਇਆ ਜਾਂਦਾ ਹੈ।
7ਜਦੋਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ।
8ਕਿਉਂ ਜੋ ਸਦੂਕੀ ਆਖਦੇ ਹਨ ਕਿ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ, ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ।
9ਤਦ ਵੱਡਾ ਰੌਲ਼ਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਉਪਦੇਸ਼ਕਾਂ ਵਿੱਚੋਂ ਕਈ ਆਦਮੀ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਇਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਦਿੱਸਦੀ ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ, ਤਾਂ ਫੇਰ ਕੀ ਹੋਇਆ?
10ਜਦੋਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਅਧਿਕਾਰੀ ਨੇ ਇਸ ਡਰ ਦੇ ਮਾਰੇ ਕਿ ਕਿਤੇ ਉਹ ਪੌਲੁਸ ਦੇ ਟੋਟੇ ਨਾ ਕਰ ਦੇਣ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਕਿਲੇ ਅੰਦਰ ਲੈ ਜਾਓ।
11ਉਸੇ ਰਾਤ ਪ੍ਰਭੂ ਨੇ ਉਹ ਦੇ ਕੋਲ ਖੜੇ ਹੋ ਕੇ ਕਿਹਾ, ਹੌਂਸਲਾ ਰੱਖ ਕਿਉਂਕਿ ਜਿਸ ਤਰ੍ਹਾਂ ਤੂੰ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ।
12ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਹਾਏ!
13ਜਿਨ੍ਹਾਂ ਆਪਸ ਵਿੱਚ ਮਿਲ ਕੇ ਇਹ ਸਹੁੰ ਖਾਧੀ ਉਹ ਚਾਲ੍ਹੀਆਂ ਤੋਂ ਵੱਧ ਸਨ।