17ਉਸ ਤੋਂ ਬਾਅਦ ਅਈ ਅਤੇ ਬੈਤਏਲ ਵਿੱਚ ਕੋਈ ਮਨੁੱਖ ਬਾਕੀ ਨਾ ਰਿਹਾ ਜਿਹੜਾ ਇਸਰਾਏਲ ਦਾ ਪਿੱਛਾ ਕਰਨ ਨੂੰ ਨਾ ਨਿੱਕਲਿਆ ਹੋਵੇ ਅਤੇ ਉਹ ਸ਼ਹਿਰ ਨੂੰ ਖੁੱਲ੍ਹਾ ਛੱਡ ਕੇ ਇਸਰਾਏਲ ਦੇ ਪਿੱਛੇ ਭੱਜ ਪਏ।
18ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਬਰਛੇ ਨੂੰ ਜਿਹੜਾ ਤੇਰੇ ਹੱਥ ਵਿੱਚ ਹੈ ਅਈ ਵੱਲ ਵਧਾ ਕਿਉਂ ਜੋ ਮੈਂ ਉਸ ਨੂੰ ਤੇਰੇ ਹੱਥ ਦੇ ਦਿਆਂਗਾ ਤਾਂ ਯਹੋਸ਼ੁਆ ਨੇ ਬਰਛੇ ਨੂੰ ਜਿਹੜਾ ਉਹ ਦੇ ਹੱਥ ਵਿੱਚ ਸੀ ਸ਼ਹਿਰ ਵੱਲ ਵਧਾਇਆ। ਜਦ ਉਹ ਨੇ ਆਪਣਾ ਹੱਥ ਵਧਾਇਆ।
19ਤਾਂ ਘਾਤ ਵਾਲੇ ਆਪਣੇ ਥਾਂ ਤੋਂ ਛੇਤੀ ਨਾਲ ਉੱਠ ਕੇ ਨੱਠੇ ਅਤੇ ਸ਼ਹਿਰ ਵਿੱਚ ਜਾ ਵੜੇ ਅਤੇ ਉਹ ਨੂੰ ਕਬਜ਼ੇ ਵਿੱਚ ਲਿਆ ਫਿਰ ਉਹਨਾਂ ਛੇਤੀ ਨਾਲ ਸ਼ਹਿਰ ਨੂੰ ਅੱਗ ਲਾ ਦਿੱਤੀ।
20ਜਦ ਅਈ ਦੇ ਮਨੁੱਖਾਂ ਨੇ ਪਿੱਛੇ ਮੂੰਹ ਕਰਕੇ ਵੇਖਿਆ ਤਾਂ ਵੇਖੋ ਸ਼ਹਿਰ ਦਾ ਧੂੰਆਂ ਅਕਾਸ਼ ਤੱਕ ਉੱਠ ਰਿਹਾ ਸੀ ਸੋ ਉਹਨਾਂ ਵਿੱਚ ਇੱਧਰ-ਉੱਧਰ ਭੱਜਣ ਦੀ ਸ਼ਕਤੀ ਨਾ ਰਹੀ ਅਤੇ ਉਹ ਲੋਕ ਜਿਹੜੇ ਉਜਾੜ ਵੱਲ ਭੱਜੇ ਜਾਂਦੇ ਸਨ ਪਿੱਛਾ ਕਰਨ ਵਾਲਿਆਂ ਦੇ ਉੱਤੇ ਉਲਟ ਪਏ।
21ਜਦ ਯਹੋਸ਼ੁਆ ਅਤੇ ਸਾਰੇ ਇਸਰਾਏਲ ਨੇ ਵੇਖਿਆ ਕਿ ਘਾਤ ਵਾਲਿਆਂ ਨੇ ਸ਼ਹਿਰ ਨੂੰ ਜਿੱਤ ਲਿਆ ਹੈ ਅਤੇ ਸ਼ਹਿਰ ਤੋਂ ਧੂੰਆਂ ਉੱਠ ਰਿਹਾ ਹੈ ਤਾਂ ਉਹਨਾਂ ਨੇ ਮੁੜ ਕੇ ਅਈ ਦੇ ਮਨੁੱਖਾਂ ਨੂੰ ਮਾਰ ਸੁੱਟਿਆ।
22ਅਤੇ ਇਹ ਸਾਹਮਣਾ ਕਰਨ ਲਈ ਸ਼ਹਿਰ ਤੋਂ ਬਾਹਰ ਆਏ ਸੋ ਉਹ ਇਸਰਾਏਲ ਦੇ ਵਿੱਚਕਾਰ ਹੋ ਗਏ ਅਰਥਾਤ ਕੁਝ ਇਸਰਾਏਲੀ ਇੱਧਰ ਅਤੇ ਕੁਝ ਉੱਧਰ ਹੋ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਮਾਰਿਆ ਕਿ ਉਹਨਾਂ ਵਿੱਚੋਂ ਨਾ ਕਿਸੇ ਨੂੰ ਰਹਿਣ ਦਿੱਤਾ ਅਤੇ ਨਾ ਕਿਸੇ ਨੂੰ ਭੱਜਣ ਦਿੱਤਾ।