15ਅਤੇ ਝੱਟ ਸਾਰੀ ਭੀੜ ਉਹ ਨੂੰ ਵੇਖ ਕੇ ਹੈਰਾਨ ਹੋਈ ਅਤੇ ਲੋਕ ਉਸ ਦੇ ਕੋਲ ਭੱਜੇ ਅਤੇ ਉਸਦਾ ਸਵਾਗਤ ਕੀਤਾ।
16ਤਦ ਉਸ ਨੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਇਨ੍ਹਾਂ ਨਾਲ ਕੀ ਸਵਾਲ-ਜ਼ਵਾਬ ਕਰਦੇ ਹੋ?
17ਤਾਂ ਭੀੜ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਮੈਂ ਆਪਣਾ ਪੁੱਤਰ ਜਿਹ ਨੂੰ ਗੂੰਗੀ ਆਤਮਾ ਚਿੰਬੜੀ ਹੋਈ ਹੈ, ਤੇਰੇ ਕੋਲ ਲਿਆਇਆ ਹਾਂ।
18ਅਤੇ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਪਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਹਦਾ ਅਤੇ ਕਮਜ਼ੋਰ ਹੁੰਦਾ ਜਾਂਦਾ ਹੈ, ਅਤੇ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਨੂੰ ਕੱਢ ਦੇਣ ਪਰ ਉਹ ਨਾ ਕੱਢ ਸਕੇ।
19ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਹੇ ਅਵਿਸ਼ਵਾਸੀ ਲੋਕੋ, ਮੈਂ ਕਦ ਤੱਕ ਤੁਹਾਡੇ ਨਾਲ ਰਹਾਂਗਾ? ਅਤੇ ਕਦ ਤੱਕ ਤੁਹਾਡੀ ਸਹਾਂਗਾ? ਉਹ ਨੂੰ ਮੇਰੇ ਕੋਲ ਲਿਆਓ!
20ਉਹ ਉਸ ਨੂੰ ਪ੍ਰਭੂ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਉਸ ਨੇ ਉਹ ਨੂੰ ਵੇਖਿਆ ਤਾਂ ਦੁਸ਼ਟ ਆਤਮਾ ਨੇ ਉਸੇ ਸਮੇਂ ਉਹ ਨੂੰ ਬਹੁਤ ਮਰੋੜਿਆ ਅਤੇ ਉਹ ਉਸੇ ਸਮੇਂ ਡਿੱਗ ਪਿਆ ਅਤੇ ਝੱਗ ਛੱਡਦਾ ਹੋਇਆ ਲੇਟਣ ਲੱਗਾ।
21ਉਸ ਨੇ ਉਹ ਦੇ ਪਿਤਾ ਨੂੰ ਪੁੱਛਿਆ, ਇਸ ਦਾ ਇਹ ਹਾਲ ਕਦੋਂ ਤੋਂ ਹੈ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ।
22ਅਤੇ ਕਈ ਵਾਰੀ ਉਸ ਨੇ ਇਹ ਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹ ਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ, ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।
23ਯਿਸੂ ਨੇ ਉਹ ਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ! ਵਿਸ਼ਵਾਸ ਕਰਨ ਵਾਲਿਆ ਦੇ ਲਈ ਸੱਭੋ ਕੁਝ ਹੋ ਸਕਦਾ ਹੈ।
24ਉਸੇ ਵੇਲੇ ਉਸ ਬਾਲਕ ਦਾ ਪਿਤਾ ਉੱਚੀ ਅਵਾਜ਼ ਨਾਲ ਕਹਿਣ ਲੱਗਾ, ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੇ ਅਵਿਸ਼ਵਾਸ ਦਾ ਹੱਲ ਕਰੋ!
25ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਦ ਉਹ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਆਤਮਾ ਮੈਂ ਮੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿੱਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਵੜੀਂ!
26ਤਾਂ ਉਹ ਚੀਕ ਮਾਰ ਕੇ ਅਤੇ ਉਹ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿੱਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ, ਐਥੋਂ ਤੱਕ ਜੋ ਬਹੁਤਿਆਂ ਨੇ ਕਿਹਾ, ਉਹ ਮਰ ਗਿਆ!