31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਸੁਗੰਧਤਾ ਨੂੰ ਸਵੀਕਾਰ ਨਾ ਕਰਾਂਗਾ।
32ਮੈਂ ਉਸ ਦੇਸ਼ ਦਾ ਨਾਸ ਕਰਵਾ ਦਿਆਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ, ਉਹ ਇਹ ਵੇਖ ਕੇ ਹੱਕੇ-ਬੱਕੇ ਰਹਿ ਜਾਣਗੇ।
33ਮੈਂ ਤੁਹਾਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤੁਹਾਡੇ ਪਿੱਛੇ-ਪਿੱਛੇ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ।
34ਫੇਰ ਜਦ ਤੱਕ ਉਹ ਦੇਸ਼ ਉਜਾੜ ਰਹੇਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਰਹੋਗੇ, ਤਦ ਤੱਕ ਉਹ ਆਪਣੇ ਸਬਤ ਦਾ ਅਨੰਦ ਮਾਣੇਗਾ, ਹਾਂ, ਉਸ ਵੇਲੇ ਦੇਸ਼ ਵਿਸ਼ਰਾਮ ਕਰੇਗਾ ਅਤੇ ਆਪਣੇ ਸਬਤਾਂ ਦਾ ਅਨੰਦ ਮਾਣੇਗਾ।
35ਜਦ ਤੱਕ ਉਹ ਵਿਰਾਨ ਰਹੇ, ਤਦ ਤੱਕ ਉਹ ਵਿਸ਼ਰਾਮ ਕਰੇਗਾ, ਕਿਉਂਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਸਦੇ ਸੀ, ਤਦ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸ਼ਰਾਮ ਨਹੀਂ ਮਿਲਿਆ।
36ਤੁਹਾਡੇ ਵਿੱਚੋਂ ਜੋ ਜੀਉਂਦੇ ਅਤੇ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ, ਮੈਂ ਉੱਥੇ ਉਨ੍ਹਾਂ ਦੇ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਉਹ ਪੱਤਿਆਂ ਦੀ ਖੜਕਾਰ ਸੁਣਦਿਆਂ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ, ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ ਅਤੇ ਭਾਵੇਂ ਕੋਈ ਪਿੱਛਾ ਨਾ ਕਰੇ ਤਾਂ ਵੀ ਉਹ ਡਿੱਗ ਪੈਣਗੇ।