21ਉਹ ਪੁਰਖ ਮੰਡਲੀ ਦੇ ਡੇਰੇ ਦੇ ਦਰਵਾਜ਼ੇ ਦੇ ਕੋਲ ਇੱਕ ਭੇਡੂ ਦੋਸ਼ ਬਲੀ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਲੈ ਆਵੇ,
22ਅਤੇ ਜਾਜਕ ਉਸ ਪਾਪ ਦੇ ਕਾਰਨ ਜੋ ਉਸ ਨੇ ਕੀਤਾ ਹੈ, ਦੋਸ਼ ਬਲੀ ਦੀ ਭੇਟ ਦੇ ਭੇਡੂ ਨੂੰ ਲੈ ਕੇ ਯਹੋਵਾਹ ਦੇ ਅੱਗੇ ਉਸ ਦੇ ਲਈ ਪ੍ਰਾਸਚਿਤ ਕਰੇ, ਤਦ ਉਹ ਪਾਪ ਜੋ ਉਸ ਨੇ ਕੀਤਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ।
23ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਅਤੇ ਭਾਂਤ-ਭਾਂਤ ਦੇ ਫਲਾਂ ਦੇ ਰੁੱਖ ਖਾਣ ਦੇ ਲਈ ਲਗਾਓ ਤਾਂ ਤਿੰਨ ਸਾਲ ਤੱਕ ਉਨ੍ਹਾਂ ਦੇ ਫਲਾਂ ਨੂੰ ਅਸੁੰਨਤੀ ਸਮਝਣਾ, ਉਹ ਖਾਧੇ ਨਾ ਜਾਣ।
24ਪਰ ਚੌਥੇ ਸਾਲ ਵਿੱਚ ਉਨ੍ਹਾਂ ਦਾ ਸਾਰਾ ਫਲ ਯਹੋਵਾਹ ਦੀ ਉਸਤਤ ਕਰਨ ਲਈ ਪਵਿੱਤਰ ਠਹਿਰੇ।
25ਪੰਜਵੇਂ ਸਾਲ ਵਿੱਚ ਤੁਸੀਂ ਉਨ੍ਹਾਂ ਦੇ ਫਲ ਖਾਣਾ ਤਾਂ ਜੋ ਤੁਹਾਨੂੰ ਉਨ੍ਹਾਂ ਤੋਂ ਬਹੁਤ ਫਲ ਮਿਲੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
26ਤੁਸੀਂ ਲਹੂ ਦੇ ਸਮੇਤ ਮਾਸ ਨੂੰ ਨਾ ਖਾਣਾ, ਨਾ ਤੁਸੀਂ ਜਾਦੂ-ਟੋਹਣੇ ਕਰਨਾ ਅਤੇ ਨਾ ਹੀ ਮਹੂਰਤ ਵੇਖਣਾ।
27ਤੁਸੀਂ ਆਪਣੇ ਸਿਰ ਦੇ ਸਿਰਿਆਂ ਨੂੰ ਨਾ ਮੁਨਾਉਣਾ, ਨਾ ਹੀ ਆਪਣੀ ਦਾੜ੍ਹੀ ਦੇ ਸਿਰਿਆਂ ਨੂੰ ਵਿਗਾੜਨਾ।
28ਤੁਸੀਂ ਮੁਰਦਿਆਂ ਦੇ ਕਾਰਨ ਆਪਣੇ ਸਰੀਰਾਂ ਨੂੰ ਨਾ ਚੀਰਨਾ, ਨਾ ਆਪਣੇ ਉੱਤੇ ਨਿਸ਼ਾਨੀਆਂ ਬਣਵਾਉਣਾ। ਮੈਂ ਯਹੋਵਾਹ ਹਾਂ।
29ਤੂੰ ਆਪਣੀ ਧੀ ਨੂੰ ਵੇਸਵਾ ਬਣਾ ਕੇ ਉਸ ਨੂੰ ਭਰਿਸ਼ਟ ਨਾ ਕਰਨਾ, ਅਜਿਹਾ ਨਾ ਹੋਵੇ ਕਿ ਧਰਤੀ ਵੇਸਵਾਵ੍ਰਤੀ ਵਿੱਚ ਡਿੱਗੇ ਅਤੇ ਦੇਸ ਦੁਸ਼ਟਤਾ ਨਾਲ ਭਰ ਜਾਵੇ।
30ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
31ਤੁਸੀਂ ਝਾੜਾ-ਫੂਕੀ ਕਰਨ ਵਾਲਿਆਂ ਅਤੇ ਭੂਤ ਕੱਢਣ ਵਾਲਿਆਂ ਵੱਲ ਨਾ ਮੁੜਨਾ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਭਰਿਸ਼ਟ ਨਾ ਹੋ ਜਾਣਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
32ਤੁਸੀਂ ਧੌਲਿਆਂ ਵਾਲਿਆਂ ਦੇ ਅੱਗੇ ਉੱਠ ਕੇ ਖੜ੍ਹੇ ਹੋਣਾ ਅਤੇ ਬਜ਼ੁਰਗਾਂ ਦਾ ਆਦਰ ਕਰਨਾ ਅਤੇ ਆਪਣੇ ਪਰਮੇਸ਼ੁਰ ਤੋਂ ਡਰਨਾ। ਮੈਂ ਯਹੋਵਾਹ ਹਾਂ।
33ਜੇਕਰ ਕੋਈ ਪਰਦੇਸੀ ਤੁਹਾਡੇ ਦੇਸ ਵਿੱਚ ਆ ਕੇ ਤੁਹਾਡੇ ਨਾਲ ਵੱਸੇ, ਤਾਂ ਤੁਸੀਂ ਉਸ ਨੂੰ ਦੁੱਖ ਨਾ ਦੇਣਾ।